Friday, August 12, 2011

ਜਵਾਰਭਾਟਾ

ਰੱਬ ਪਾਓਣ ਦੀ ਨਵੀਂ ਰੀਤ ਜਿਹਾ ਹੋਇਆ ਲੱਗਦਾ ਹੈ
ਮਨ, ਫੱਕਰਾਂ ਦੀ ਮਸੀਤ ਜਿਹਾ ਹੋਇਆ ਲੱਗਦਾ ਹੈ|

ਦਰਦ,ਆਪ ਮੁਹਾਰੇ ਹੋ ਕੇ ਡੁੱਲ ਡੁੱਲ ਪੈਂਦਾ ਹੈ....
ਇਹ ਵੀ ਹਿਜਰ ਦਾ ਗੀਤ ਜਿਹਾ ਹੋਇਆ ਲੱਗਦਾ ਹੈ|

ਹਰ ਸਾਹ ਸੀਨੇ ਲੱਗ ਕੇ ਇੰਝ ਹੈ ਜੰਮ ਜਾਂਦਾ
ਕਾਲਜਾ ਠੰਡਾ ਸੀਤ ਜਿਹਾ ਹੋਇਆ ਲੱਗਦਾ ਹੈ|

ਦਿਲ ਪੁੱਛੇ, ਝੋਰੇ ਕੀਹਦੇ ਘੱਲੀ ਜਾਨਾ ਹੈਂ ?
ਮਤਲਬੀ, ਤੇਰੀ ਪ੍ਰੀਤ ਜਿਹਾ ਹੋਇਆ ਲੱਗਦਾ ਹੈ|

ਗ਼ਮ ਵੰਡਾਓਂਣ ਲਈ, ਨਾਮ ਪਤਾ ਇੰਝ ਪਾ ਜਾਂਦੇ
ਹਾਲ, ਥਾਣੇ ਦੀ ਤਸਦੀਕ ਜਿਹਾ ਹੋਇਆ ਲੱਗਦਾ ਹੈ|

ਦਰਦ ਮੇਰੇ ਨੂੰ ਪਰਿਭਾਸ਼ਾ ਦੇ ਵਿੱਚ ਬੰਦ ਕਰਨਾ
ਪਾਣੀ ਉੱਤੇ ਖਿੱਚੀ ਲੀਕ ਜਿਹਾ ਹੋਇਆ ਲੱਗਦਾ ਹੈ|

ਮੈਨੂੰ ਵੀ ਨਹੀਂ ਦੱਸਦਾ, ਕਿ ਕੀ ਕਹਿਣਾ ਹੈ ?
ਚਿੱਤ ਸ਼ੱਕੀ, ਭੈਅਭੀਤ ਜਿਹਾ ਹੋਇਆ ਲੱਗਦਾ ਹੈ|

ਕੋਈ ਗੱਲ ਕਿਸੇ ਦੀ ਕਰਦਾ, ਦਿਲ ਨੂੰ ਲੱਗ ਜਾਂਦੀ
ਨਿਸ਼ਾਨਾ ਸਭ ਦਾ ਸਟੀਕ ਜਿਹਾ ਹੋਇਆ ਲੱਗਦਾ ਹੈ|

ਬੇ-ਜ਼ੁਬਾਨ ਹੰਝੂ ਦਾ, ਬੰਦ ਪਲਕਾਂ ਉੱਤੇ ਰੁੱਕ ਜਾਣਾ
ਧੁਰ ਰੂਹ ਵਿੱਚ ਲਹਿੰਦੀ ਚੀਕ ਜਿਹਾ ਹੋਇਆ ਲੱਗਦਾ ਹੈ|