Thursday, February 23, 2012

ਸੈਲਾਂ ਵਾਲੀ ਕਾਰ

ਮੈਂ ਜਦ ਨਿੱਕਾ ਸੀ ਤਾਂ ਮੇਰੇ ਤਾਇਆ ਜੀ ਕਨੇਡਾ ਤੋਂ ਮੇਰੇ ਲਈ ਇਕ ਸੈਲਾਂ ਵਾਲੀ ਕਾਰ ਲਿਆ ਕੇ ਦਿੱਤੀ| ਬਹੁਤ ਹੀ ਸੋਹਣੀ ਸੀ ਉਹ; ਕਨੇਡਾ ਦੀ ਪੁਲਸ ਦੀ ਗੱਡੀ, ਬਟਨ ਦੱਬਣ ਤੇ ਚੱਲਣ ਲੱਗਦੀ, ਲਾਲ ਨੀਲੀਆਂ ਬੱਤੀਆਂ ਜਗਦੀਆਂ ਬੁਜਦੀਆਂ ਤੇ ਪੁਲਸ ਦੇ ਹੂਟਰ ਦੀ ਅਵਾਜ ਵੀ ਨਿੱਕਲਦੀ| ਪਰ ਉਸ ਵਿੱਚ ਜੋ ਦੋ ਸੈਲ ਪੈਂਦੇ ਸੀ ਉਹ ਸੀ (C) ਸਾਈਜ ਦੇ ਸੀ ਤੇ ਘਰਦਿਆਂ ਦੇ ਕਹਿਣ ਮੁਤਾਬਿਕ ਉਹ ਪਿੰਡੋਂ ਨਹੀਂ ਮਿਲਦੇ ਸੀ ਤੇ ਸ਼ਹਿਰ ਦਾ ਗੇੜਾ ਤਾਏ ਦੇ ਦੁਬਾਰਾ ਆਓਣ ਤੇ ਹੀ ਲੱਗਣਾ ਸੀ| ਇਸ ਡਰ ਨੇ ਮੈਨੂੰ ਉਸ ਨਾਲ ਖੇਡਣ ਤੋਂ ਰੋਕ ਦਿੱਤਾ| ਮੈਂ ਉਸ ਨੂੰ ਟੀਵੀ ਦੀ ਟਰਾਲੀ ਦੇ ਸਭ ਤੋਂ ਹੇਠਲੇ ਖਾਨੇ ਵਿੱਚ ਰੱਖੀ ਨੂੰ ਬਾਰ ਬਾਰ ਦੇਖਦਾ ਰਹਿੰਦਾ ਤੇ ਕਦੇ ਕਦੇ ਘਰਦਿਆਂ ਤੋਂ ਚੋਰੀ ਉਸ ਨੂੰ ਬਾਹਰ ਕੱਢ ਕੇ ਕੁਝ ਸਕਿੰਟਾਂ ਲਈ ਉਸ ਦਾ ਬਟਨ ਔਨ ਕਰਦਾ ਤੇ ਫਿਰ ਆਪ ਹੀ ਜਲਦੀ ਨਾਲ ਬੰਦ ਕਰ ਦਿੰਦਾ| ਭਾਵੇਂ ਆਪਣੇ ਸਾਰੇ ਦੋਸਤਾਂ ਨੂੰ ਮੈਂ ਉਹ ਕਾਰ ਬਹੁਤ ਹੁੱਬ ਹੁੱਬ ਕੇ ਦਿਖਾਉਂਦਾ ਸੀ ਪਰ ਕਦੇ ਚਿੱਤ ਭਰ ਕੇ ਉਹਨਾ ਨਾਲ ਮਿਲ ਕੇ ਇਸ ਨਾਲ ਖੇਡ ਨਾ ਸਕਿਆ|
ਕੁਝ ਮਹੀਨਿਆਂ ਬਾਅਦ ਇਕ ਦਿਨ ਘਰਦਿਆਂ ਦੀ ਗੈਰ ਹਾਜ਼ਰੀ 'ਚ ਫਿਰ ਤੋਂ ਮੈਂ ਉਹ ਕਾਰ ਬਾਹਰ ਕੱਢੀ ਤੇ ਜਿੱਦਾਂ ਹੀ ਬਟਨ ਦੱਬ ਕੇ ਉਸ ਨੂੰ ਫਰਸ਼ 'ਤੇ ਰੱਖਿਆ ਤਾਂ ਇੰਝ ਲੱਗਿਆ ਜਿਵੇਂ ਮੇਰਾ ਨਿੱਕਾ ਜਿਹਾ ਦਿਲ ਮੇਰੇ ਢਿੱਡ 'ਚ ਚਲਾ ਗਿਆ ਹੋਵੇ, ਕਾਰ ਨੇ ਕੋਈ ਹਰ੍ਕਤ ਨਾ ਕੀਤੀ; ਨਾ ਬੱਤੀਆਂ ਜਗੀਆਂ; ਨਾ ਹੂਟਰ ਵੱਜਿਆ ਅਤੇ ਨਾ ਹੀ ਕਾਰ ਹਿੱਲੀ| ਮੈਂ ਦੋਨੋ ਹੱਥਾਂ ਨਾਲ ਫੜ੍ਹ ਕੇ ਉਸ ਨੂੰ ਬਹੁਤ ਹਿਲਾਇਆ; ਬਟਨ ਬੰਦ ਕਰ ਕੇ ਦੋਂ ਤੀਨ ਵਾਰ "ਵਹਿਗੁਰੂ ਵਹਿਗੁਰੂ" ਵੀ ਕੀਤਾ ਪਰ ਉਹਨੇ ਕੋਈ ਹੁੰਘਾਰਾ ਨਾ ਭਰਿਆ| ਸ਼ਾਇਦ ਉਸ ਦੀ ਬੈਟਰੀ ਮੁੱਕ ਚੁੱਕੀ ਸੀ ਪਰ ਮੇਰਾ ਦਿਲ ਭਰਿਆ ਪਿਆ ਸੀ| ਚਿਤ ਕਰੇ ਬੈਟਰੀ (ਟਾਰਚ) ਦੇ ਸੈਲ ਕੱਢ ਕੇ ਧੱਕੇ ਨਾਲ ਉਸ ਵਿੱਚ ਫਸਾ ਦਵਾਂ| ਮੈਨੂੰ ਨਹੀਂ ਪਤਾ ਕਦ ਉਸ ਕਾਰ ਦੇ ਸ਼ੀਸ਼ੇ 'ਤੇ ਮੇਰੇ ਹੰਝੂ ਆ ਡਿਗੇ| ਮੈਨੂੰ ਸਮ੍ਝ ਨਹੀਂ ਆ ਰਿਹਾ ਸੀ ਕਿ ਇਸ ਵਿੱਚ ਦੁਬਾਰਾ ਜਾਨ ਕਿੱਦਾਂ ਫੂਕਾਂ| ਮੈਂ ਸੋਚ ਰਿਹਾ ਸੀ ਕਾਸ਼ ਮੈਂ ਵੀ ਭਿੰਦੂ ਕੇ ਸੋਨੂੰ ਦੀ ਚਾਬੀ ਵਾਲੀ ਕਾਰ ਵਾਂਗ ਇਸ ਨੂੰ ਸੱਥ ਵਿੱਚ ਡਿੱਗੇ ਪਿੱਪਲ ਦੇ ਸੁੱਕੇ ਪੱਤਿਆਂ ਦੇ ਦੌੜਾ ਪਾਉਂਦਾ ਜਾਂ ਸੀਤੀ ਦੇ ਮੇਲੇ ਤੋਂ ਲਏ ਹੋਏ ਲੱਕੜ ਦੇ ਟਰੈਕਟਰ ਵਾਂਗ ਇਸ ਨੂੰ ਰੇਤੇ ਦੀਆਂ ਢੇਰੀਆਂ ਦੇ ਵਿੱਚ ਦੀ ਕੱਢਦਾ| ਕਾਫੀ ਦੇਰ ਉਹਨੂੰ ਉਦਾਂ ਹੀ ਫਰਸ਼ ਤੇ ਰੋੜ੍ਹਦਾ ਰਿਹਾ ਤੇ ਰੋਂਦਾ ਰਿਹਾ| ਫਿਰ ਘਰਦਿਆਂ ਦੇ ਮੁੜਨ ਤੋਂ ਪਹਿਲਾਂ ਉਸ ਨੂੰ ਵਾਪਿਸ ਰੱਖ ਦਿੱਤਾ ਤੇ ਆਪਣੇ ਚੋਰੀ ਚੋਰੀ ਉਸ ਕਾਰ ਨੂੰ ਚਲਾਉਣ ਦੇ ਫੜੇ ਜਾਣ ਦੇ ਡਰ ਕਰ ਕੇ ਘਰਦਿਆਂ ਨੂੰ ਵੀ ਕੁਝ ਨਾ ਦੱਸਿਆ| ਫਿਰ ਕਿੰਨੇ ਸਾਲ ਮੈਂ ਬੱਸ ਉਹਨੂੰ ਉੱਥੇ ਪਈ ਨੂੰ ਦੇਖਦਾ ਪਰ ਕੁਝ ਅਣਜਾਣ ਕਾਰਨਾ ਕਰ ਕੇ ਕਦੇ ਉਸ ਦੀ ਬੈਟਰੀ ਬਦਲ ਕੇ ਦੁਬਾਰਾ ਚਲਾਉਣ ਦਾ ਚਿੱਤ ਨਾ ਕੀਤਾ| ਸ਼ਾਇਦ ਉਸ ਦਿਨ ਹੰਝੂਆਂ ਨਾਲ ਉਸ ਨਾਲ ਖੇਡਣ ਦਾ ਚਾਅ ਵੀ ਵੈਹ ਗਿਆ ਸੀ|
ਅੱਜ ਵੀ ਜਦ ਸੀ (C) ਸਾਈਜ ਦੇ ਸੈਲ ਦੇਖਦਾਂ ਤਾਂ ਜ਼ਿੰਦਗੀ ਨੂੰ ਰੱਜ ਕੇ ਜੀਣ ਨੂੰ ਜੀ ਕਰਦਾ............