Wednesday, May 9, 2012

ਖ਼ਤ

ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ,
ਕਿ ਘਲ ਮੈਂ ਨਾ ਸਕਿਆ
ਮੇਰੇ ਵਾਦਿਆਂ ਦੇ ਜੋੜ'ਚੋਂ
ਦੁਨੀਆਦਾਰੀ ਘਟਾ ਕੇ
ਉਹਨਾ ਰਕਮਾਂ ਦਾ ਕੱਢ,
ਹੱਲ ਮੈਂ ਨਾ ਸਕਿਆ

ਮੇਰੇ ਗੁਨਾਹਾਂ ਦੀ ਸਫਾਈ,
ਤੀਜੇ ਪੈਰੇ ਦੀਆਂ ਸਤਰਾਂ
ਤੇ ਉਹਨਾ ਸਤਰਾਂ 'ਚ,
ਲੱਗੇ ਨੇ ਕਿੰਨੇ ਹੀ ਕੌਮੇ..........
ਸੜ ਚੱਲੇ ਸੀ ਪੋਟੇ,
ਕੁਫਰ ਲਿਖਦੇ ਲਿਖਦੇ
ਪਰ ਨਹੀਂ ਛੱਡਦੀ ਕਲਮ ਨੂੰ,
ਆਪਣੀ ਹੀ ਹੌਮੇ...........
ਜੋ ਲਿੱਪਿਆ ਸੀ ਮੈਂ,
ਖੁਦ ਆਪਣੇ ਹੱਥੀਂ
ਉਹਨਾ ਸ਼ਬਦਾਂ ਦਾ ਕਾਲ਼ਖ,
ਝੱਲ ਮੈਂ ਨਾ ਸਕਿਆ
ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ,
ਕਿ ਘਲ ਮੈਂ ਨਾ ਸਕਿਆ

ਤੇਰੇ ਭੇਜੇ ਅਣ-ਛੋਹੇ,
ਹਾਸੇ ਦੇ ਬਦਲੇ 'ਚ
ਮੈਂ ਆਪਣੀਆਂ ਜਿੱਤਾਂ ਦੇ,
ਪਲ ਕੱਠੇ ਕੀਤੇ...........
ਪਰ ਤੇਰੇ ਸੁੱਚੜੇ ਹਾਸੇ,
ਸਭ ਨਾਵੇਂ ਸੀ ਮੇਰੇ
ਮੇਰੇ ਜਸ਼ਨਾ 'ਚ ਕਿਧਰੇ,
ਤੂੰ ਕਿਊਂ ਨਾ ਡਿਠੇ ???????
ਇਸੇ ਕਸ਼ਮਕਸ਼ ਵਿੱਚ,
ਗੁੱਛ-ਮੁੱਛ ਜਿਹੇ ਕੀਤੇ
ਉਹ ਮੈਲੇ ਜਿਹੇ ਵਰਕੇ,
ਘਚੱਲ ਮੈਂ ਨਾ ਸਕਿਆ
ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ ਕਿ,
ਘਲ ਮੈਂ ਨਾ ਸਕਿਆ

ਮੇਰੀ ਲੰਬੀ ਚੁੱਪ ਦਾ
ਸਬਬ ਜੋ ਤੂੰ ਪੁੱਛਿਆ
ਉਹ ਖਾਮੋਸ਼ੀ ਦੇ ਪਲ ਸਭ
ਮੈਂ ਲਿਖਣੇ ਸੀ ਚਾਹੇ..........
ਪਰ ਉਮਰਾਂ ਦੀਆਂ ਪੰਡਾਂ 'ਚ
ਬੱਝੇ ਕਾਲੇ ਧੂਏਂ ਨੂੰ
ਕੋਰੇ ਕਾਗਜ਼ ਦੇ ਸੀਨੇ 'ਤੇ
ਕੋਈ ਦੱਸ ਕਿੱਦਾਂ ਲਾਹੇ............
ਬਸ ਸੋਚਾਂ ਦੇ ਖੀਸੇ ਪਾ
ਅੱਕ ਦੇ ਕੁੱਝ ਪੱਤੇ
ਤੇਰੇ ਸ਼ਹਿਰ ਵੱਲ ਨੂੰ
ਚੱਲ ਮੈਂ ਨਾ ਸਕਿਆ
ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ ਕਿ,
ਘਲ ਮੈਂ ਨਾ ਸਕਿਆ

ਉਡੀਕਾਂ ਦੇ ਦੀਵੇ
ਤੂੰ ਬੁਝਣੇ ਨਾ ਦੇਵੀਂ
ਮੈਂ ਖੁਦ ਨਾਲ ਸ਼ਿਕਵੇ
ਮਿਟਾ ਕੇ ਆਵਾਂਗਾ
ਮਤਲਬੀ ਨਾ ਤੂੰ ਸਮਝੀਂ
ਮੇਰੀ ਬੇਰੁਖੀ ਨੂੰ
ਤੇਰੇ ਲਾਇਕ ਖੁਦ ਨੂੰ
ਬਣਾ ਕੇ ਆਵਾਂਗਾ
ਖੁਸ਼ੀ ਹੈ ਬਸ ਇਹੀ ਕਿ
ਮੰਜ਼ਿਲਾਂ ਸਭ ਮੱਲ ਕੇ ਵੀ
ਖੁਦ ਨੂੰ ਅਜੇ ਤੱਕ
ਛੱਲ ਮੈਂ ਨਾ ਸਕਿਆ
ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ ਕਿ,
ਘਲ ਮੈਂ ਨਾ ਸਕਿਆ