Wednesday, May 9, 2012

ਖ਼ਤ

ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ,
ਕਿ ਘਲ ਮੈਂ ਨਾ ਸਕਿਆ
ਮੇਰੇ ਵਾਦਿਆਂ ਦੇ ਜੋੜ'ਚੋਂ
ਦੁਨੀਆਦਾਰੀ ਘਟਾ ਕੇ
ਉਹਨਾ ਰਕਮਾਂ ਦਾ ਕੱਢ,
ਹੱਲ ਮੈਂ ਨਾ ਸਕਿਆ

ਮੇਰੇ ਗੁਨਾਹਾਂ ਦੀ ਸਫਾਈ,
ਤੀਜੇ ਪੈਰੇ ਦੀਆਂ ਸਤਰਾਂ
ਤੇ ਉਹਨਾ ਸਤਰਾਂ 'ਚ,
ਲੱਗੇ ਨੇ ਕਿੰਨੇ ਹੀ ਕੌਮੇ..........
ਸੜ ਚੱਲੇ ਸੀ ਪੋਟੇ,
ਕੁਫਰ ਲਿਖਦੇ ਲਿਖਦੇ
ਪਰ ਨਹੀਂ ਛੱਡਦੀ ਕਲਮ ਨੂੰ,
ਆਪਣੀ ਹੀ ਹੌਮੇ...........
ਜੋ ਲਿੱਪਿਆ ਸੀ ਮੈਂ,
ਖੁਦ ਆਪਣੇ ਹੱਥੀਂ
ਉਹਨਾ ਸ਼ਬਦਾਂ ਦਾ ਕਾਲ਼ਖ,
ਝੱਲ ਮੈਂ ਨਾ ਸਕਿਆ
ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ,
ਕਿ ਘਲ ਮੈਂ ਨਾ ਸਕਿਆ

ਤੇਰੇ ਭੇਜੇ ਅਣ-ਛੋਹੇ,
ਹਾਸੇ ਦੇ ਬਦਲੇ 'ਚ
ਮੈਂ ਆਪਣੀਆਂ ਜਿੱਤਾਂ ਦੇ,
ਪਲ ਕੱਠੇ ਕੀਤੇ...........
ਪਰ ਤੇਰੇ ਸੁੱਚੜੇ ਹਾਸੇ,
ਸਭ ਨਾਵੇਂ ਸੀ ਮੇਰੇ
ਮੇਰੇ ਜਸ਼ਨਾ 'ਚ ਕਿਧਰੇ,
ਤੂੰ ਕਿਊਂ ਨਾ ਡਿਠੇ ???????
ਇਸੇ ਕਸ਼ਮਕਸ਼ ਵਿੱਚ,
ਗੁੱਛ-ਮੁੱਛ ਜਿਹੇ ਕੀਤੇ
ਉਹ ਮੈਲੇ ਜਿਹੇ ਵਰਕੇ,
ਘਚੱਲ ਮੈਂ ਨਾ ਸਕਿਆ
ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ ਕਿ,
ਘਲ ਮੈਂ ਨਾ ਸਕਿਆ

ਮੇਰੀ ਲੰਬੀ ਚੁੱਪ ਦਾ
ਸਬਬ ਜੋ ਤੂੰ ਪੁੱਛਿਆ
ਉਹ ਖਾਮੋਸ਼ੀ ਦੇ ਪਲ ਸਭ
ਮੈਂ ਲਿਖਣੇ ਸੀ ਚਾਹੇ..........
ਪਰ ਉਮਰਾਂ ਦੀਆਂ ਪੰਡਾਂ 'ਚ
ਬੱਝੇ ਕਾਲੇ ਧੂਏਂ ਨੂੰ
ਕੋਰੇ ਕਾਗਜ਼ ਦੇ ਸੀਨੇ 'ਤੇ
ਕੋਈ ਦੱਸ ਕਿੱਦਾਂ ਲਾਹੇ............
ਬਸ ਸੋਚਾਂ ਦੇ ਖੀਸੇ ਪਾ
ਅੱਕ ਦੇ ਕੁੱਝ ਪੱਤੇ
ਤੇਰੇ ਸ਼ਹਿਰ ਵੱਲ ਨੂੰ
ਚੱਲ ਮੈਂ ਨਾ ਸਕਿਆ
ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ ਕਿ,
ਘਲ ਮੈਂ ਨਾ ਸਕਿਆ

ਉਡੀਕਾਂ ਦੇ ਦੀਵੇ
ਤੂੰ ਬੁਝਣੇ ਨਾ ਦੇਵੀਂ
ਮੈਂ ਖੁਦ ਨਾਲ ਸ਼ਿਕਵੇ
ਮਿਟਾ ਕੇ ਆਵਾਂਗਾ
ਮਤਲਬੀ ਨਾ ਤੂੰ ਸਮਝੀਂ
ਮੇਰੀ ਬੇਰੁਖੀ ਨੂੰ
ਤੇਰੇ ਲਾਇਕ ਖੁਦ ਨੂੰ
ਬਣਾ ਕੇ ਆਵਾਂਗਾ
ਖੁਸ਼ੀ ਹੈ ਬਸ ਇਹੀ ਕਿ
ਮੰਜ਼ਿਲਾਂ ਸਭ ਮੱਲ ਕੇ ਵੀ
ਖੁਦ ਨੂੰ ਅਜੇ ਤੱਕ
ਛੱਲ ਮੈਂ ਨਾ ਸਕਿਆ
ਤੇਰੇ ਸਵਾਲਾਂ ਦੇ ਜਵਾਬਾਂ 'ਚ,
ਲਿਖੇ ਜੋ ਖ਼ਤ ਸੀ
ਸਾਂਭੀ ਹਾਂ ਬੈਠਾ ਕਿ,
ਘਲ ਮੈਂ ਨਾ ਸਕਿਆ

Wednesday, April 11, 2012

Inspirational lines written by Deepak Jaitoi sahab

ਰਾਹੀਆ ਤੂੰ ਰੁਕ ਨਾ, ਕਿ ਨਿੱਤ ਦੇ ਮੁਸਾਫਿਰ
ਨਿਰਾਸ਼ਾ ਦੇ ਨਜ਼ਦੀਕ ਢੁੱਕਦੇ ਨਹੀਂ ਹੁੰਦੇ
ਇਹ ਸੂਰਜ, ਇਹ ਚੰਦਾ, ਹਵਾ ਤੇ ਸਿਤਾਰੇ
ਸਦਾ ਚਲਦੇ ਰਹਿੰਦੇ ਨੇ, ਰੁਕਦੇ ਨਹੀਂ ਹੁੰਦੇ

ਪਹਾੜਾਂ ਦੀ ਛਾਤੀ ਨੂੰ ਛਲਣੀ ਬਣਾ ਕੇ
ਜੋ ਸੋਮੇ ਨਿੱਕਲਦੇ ਨੇ ਸੁੱਕਦੇ ਨਹੀਂ ਹੁੰਦੇ
ਜਿੰਨਾ ਨੇ ਹਥੇਲੀ 'ਤੇ ਰੱਖੀ ਹੋਈ ਏ
ਉਹ ਦੁਨੀਆ ਝੁਕਾਓਂਦੇ ਨੇ, ਝੁਕਦੇ ਨਹੀਂ ਹੁੰਦੇ

ਤੁੰ ਤਾਂ ਬੜੀ ਦੂਰ ਜਾਣਾ ਹੈ ਹਾਲੇ
ਐਵੇਂ ਕਿਉਂ ਹੈ ਸੂਰਤ ਤੂੰ ਰੋਣੀ ਬਣਾਈ
ਓਹੀ ਗੱਲ ਕੀਤੀ ਨਾ ਕਹਿੰਦੇ ਨੇ ਜਿੱਦਾਂ
ਕਿ ਕੋਹ ਨਾ ਚੱਲੀ, ਤੇ ਬਾਬਾ ਤਿਹਾਈ

ਮੈਂ ਮੰਨਦਾ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ
ਥਕੇਵਾਂ ਇਹ ਟੰਗਾਂ ਨੂੰ ਚੜ੍ਹਿਆ ਵੀ ਹੋਣਾ
ਤੇਰੇ ਮਨ ਦਾ ਅੜੀਅਲ ਤੇ ਬੇਬਾਕ ਘੋੜਾ
ਕਈ ਬਾਰ ਰਾਸਤੇ 'ਚ ਅੜਿਆ ਵੀ ਹੋਣਾ

ਤੇਰੀ ਆਜ਼ਮਾਇਸ਼ ਸਾਵੇਂ ਵਿਧਾਤਾ
ਅੜਚਨਾ ਲੈ ਲੈ ਕੇ ਖੜਿਆ ਵੀ ਹੋਣਾ
ਕਈ ਬਾਰ ਤੇਰੀ ਬਗਾਵਤ ਦਾ ਸ਼ੋਲਾ
ਵਿਰੋਧੀ ਚਖੇੜੇ 'ਚ ਲੜਿਆ ਵੀ ਹੋਣਾ

ਤਾਂ ਕੀ ਹੋਇਆ ਚੰਨਿਆ ! ਇਹ ਹੋਇਆ ਹੀ ਕਰਦੈ
ਰੁਕਾਵਟ ਨਾ ਟੱਪੇ, ਰਵਾਨੀ ਨਹੀਂ ਹੁੰਦੀ
ਕਦਮ ਮੁਸ਼ਕਲਾਂ ਦੇ ਸੀਨੇ 'ਤੇ ਧਰ ਧਰ ਕੇ
ਜੇ ਵਧਿਆ ਨਾ ਜਾਵੇ, ਜਵਾਨੀ ਨਹੀਂ ਹੁੰਦੀ

ਜੇ ਸੂਲਾਂ ਤੇ ਤੁਰਿਆਂ ਤਾਂ ਦੱਸ ਖਾਂ ਜਵਾਨਾ
ਅਲੇਹੇ ਜਹੇ ਭੱਖੜੇ ਤੋਂ, ਡਰਨਾ ਕੀ ਹੋਇਆ
ਜੇ ਅੰਗਾਰਾਂ 'ਤੇ ਚੱਲਣ ਦਾ ਤੂੰ ਪਰਨ ਕੀਤਾ
ਤਾਂ ਫੇਰ ਬੋਚ ਕੇ, ਪੈਰ ਧਰਨਾ ਕੀ ਹੋਇਆ

ਜੇ ਹੱਸ ਹੱਸ ਕੇ ਪਿੱਤਾ ਸੁਕਾਓਣਾ ਹੈ ਸਿੱਖਿਆ
ਤਾਂ ਠੰਡੇ ਜਿਹੇ ਹੌਂਕੇ ਭਰਨਾ ਕੀ ਹੋਇਆ
ਸਦਾ ਸ਼ੇਰ ਪਾਣੀ ਨੂੰ ਤਰਦਾ ਹੈ ਸਿੱਧਾ
ਵਹਾ ਨਾਲ ਵੈਹ ਜਾਣਾ, ਤਰਨਾ ਕੀ ਹੋਇਆ

ਕਦਮ ਜੇ ਵਧਾਇਆ ਤਾਂ ਮੁੜ ਮੁੜ ਕੀ ਵੇਨ੍ਹਾ ?
ਤੇਰੇ ਸਿਰ 'ਤੇ ਫ਼ਰਜ਼ਾਂ ਦਾ ਥੱਬਾ ਹੈ ਚੰਨਿਆ
ਇਹ ਰੁਕ ਰੁਕ ਕੇ ਵਧਣਾ ਜਾਂ ਵਧ ਵਧ ਕੇ ਰੁਕਣਾ
ਤੇਰੀ ਵੀਰਤਾ ਉੱਤੇ ਧੱਬਾ ਹੈ ਚੰਨਿਆ

ਜ਼ਮਾਨੇ ਦੇ ਚੱਕਰ ਨੂੰ ਲਲਕਰ ਕੇ ਕਹਿ ਦੇ
ਕਿ ਚੱਕਰ ਮੈਂ ਤੇਰੇ ਪਵਾ ਕੇ ਹਟਾਂਗਾ
ਸੁਨੇਹਾ ਦੇ ਹੋਣੀ ਨੂੰ, ਹਿੱਮਤ ਦੇ ਹੱਥੀਂ
ਕਿ ਆਖਰ ਮੈਂ ਤੈਨੂੰ ਨਿਵਾ ਕੇ ਹਟਾਂਗਾ

ਤੂੰ ਲਾ ਹੌਸਲੇ ਨਾਲ ਪੱਟਾਂ 'ਤੇ ਥਾਪੀ
ਮੁਸੀਬਤ ਨੂੰ ਕਹਿ ਤੈਨੂੰ ਢਾ ਕੇ ਹਟਾਂਗਾ
ਤੁਫਾਨਾ ਨੂੰ ਕਹਿ ਦੇ ਕਿ ਵਧ ਵਧ ਕੇ ਆਓ
ਮੈਂ ਕਿਸ਼ਤੀ ਕਿਨਾਰੇ 'ਤੇ ਲਾ ਕੇ ਹਟਾਂਗਾ

ਜਦੋਂ ਦੇਖੀ ਤੇਰੇ ਇਰਾਦੇ 'ਚ ਸਖਤੀ
ਤਾਂ ਸ਼ਕਤੀ ਉਦਾਲੇ, ਆ ਕੇ ਘੁੰਮੂਗੀ ਤੇਰੇ
ਇਹ ਸਾਰੀ ਦੀ ਸਾਰੀ ਖੁਦਾਈ ਦੀ ਤਾਕਤ
ਤੂੰ ਵੇਖੇਂਗਾ ਪੈਰਾਂ ਨੂੰ ਚੁੰਮੂਗੀ ਤੇਰੇ

ਤੂੰ ਵੇਂਦਾ ਨਹੀਂ ਕੁਦਰਤ ਦੀ ਬਾਂਹ ਲੰਬੀ ਲੰਬੀ
ਇਹ ਤੇਰੀ ਮਦਦ ਨੂੰ ਆਂਦੀ ਪਈ ਏ
ਕੁਰਾਹੇਂ ਨਾ ਪੈਜੇ ਤਦੇ ਤਾਂ ਇਹ ਬਿਜਲੀ
ਲਿਸ਼ਕ ਨਾਲ ਰਸਤਾ ਵਿਖਾਂਦੀ ਪਈ ਏ

ਉਹ ਬੀਬਾ ਇਹ ਬਾਰਿਸ਼ ਤੇ ਮਿਲਕੇ ਹਨੇਰੀ
ਤੇਰੀ ਰਾਹ ਨੂੰ ਪੱਧਰ ਬਣਾਦੀ ਪਈ ਏ
ਇਹ ਬੱਦਲ ਨਹੀਂ ਗੱਜਦੇ, ਕੁਦਰਤ ਦੀ ਵੀਣਾ
ਤੇਰੇ ਸਵਾਗਤੀ ਗੀਤ ਗਾਂਦੀ ਪਈ ਏ

ਹਿਫਾਜ਼ਤ ਲਈ ਤੇਰੀ ਇਹ ਖੂਨੀ ਦਰਿੰਦੇ
ਤੇਰੇ ਸੱਜੇ ਖੱਬੇ ਚੱਲੇ ਆ ਰਹੇ ਨੇ
ਤੇ ਰਫਤਾਰ 'ਚ ਤੇਰੀ ਸੁਸਤੀ ਨਾ ਆਜੇ
ਤਾਂ ਪੈਰਾਂ 'ਚ ਕੰਢੇ ਚੁਬੀ ਜਾ ਰਹੇ ਨੇ

ਉਹ ਵੇਖ ! ਹੁਣ ਤਾਂ ਉਜਾਲਾ ਵੀ ਦਿੱਸਿਆ
ਤੇ ਮੰਜ਼ਿਲ ਵੀ ਬਾਹਾਂ ਉਲਾਰੀ ਖੜੀ ਏ
ਤੇਰੇ ਦਮ ਕਦਮ ਦੇ ਭਰੋਸੇ 'ਤੇ ਝੱਲੀ
ਉਮੀਦਾਂ ਦੇ ਮੰਜਰ ਉਸਾਰੀ ਖੜੀ ਏ

ਤੂੰ ਨੱਠੀ ਜਾ, ਜਾ ਕੇ ਬਗਲ-ਗੀਰ ਹੋਜਾ
ਉਡੀਕਾਂ 'ਚ ਕਦ ਦੀ ਵਿਚਾਰੀ ਖੜੀ ਏ
ਤੂੰ ਪਹੁੰਚਾ ਤੇ ਦੇਖੀਂ ਤੇਰੀ ਜੈ ਦੇ ਨਾਰੇ
ਇਹ ਰਲ ਮਿਲ ਕੇ ਦੁਨੀਆ ਪੁਕਾਰੀ ਖੜੀ ਏ

------ ਦੀਪਕ ਜੈਤੋਈ------

Saturday, March 31, 2012

ਕੀ ਕਹੋਂਗੇ ???????

ਸੁਣਿਆ ਭੀੜ ਭੜੱਕੇ 'ਚ
ਰੌਲੇ ਰੱਪੇ 'ਚ
ਕਿਸੇ ਮਾਂ ਦੀਆਂ ਸਧਰਾਂ ਕਤਲ ਹੋਗੀਆਂ

ਉਸੇ ਰੌਲੇ 'ਚ ਗੁਆਚ ਗਈ
ਉਹਦੀ ਉੱਖੜੀ ਹੋਈ ਚੀਖ਼
ਹੋ ਸਕਦਾ ਉਹਨੇ ਅਵਾਜ
ਮਾਂ ਨੂੰ ਹੀ ਮਾਰੀ ਹੋਵੇ

ਪਰ ਉਸ ਭੋਲੀ ਦੇ ਕੰਨੀ ਤਾਂ
ਗੋਲੀ ਦੀ ਅਵਾਜ ਹੀ ਪਹੁੰਚੀ
"ਮਾਂ" ਵਰਗਾ ਕੋਮਲ ਸ਼ਬਦ ਤਾਂ
ਲਤੇੜਿਆ ਗਿਆ ਹੋਣਾ
ਮੋਢੇ 'ਤੇ ਇਨ੍ਸਾਫ ਟੰਗੀ ਫਿਰਦਿਆਂ ਦੇ
ਪੈਰਾਂ ਹੇਠ

ਕੌਮ ਦਾ ਹੀਰਾ 'ਅਮਰ' ਹੋ ਸਕਦਾ
ਕਹਿ ਸਕਦੇ ਹੋਂ ਜਵਾਨ ਨੂੰ 'ਸ਼ਹੀਦ'
'ਹਲਾਕ' ਹੋ ਸਕਦਾ ਖਾੜਕੂ ਕੋਈ
ਪਰ ਉਹ ਖਬਰਾਂ ਆਲਿਓ.....
ਇੱਕ ਪੁੱਤ ਦੇ ਵਿਛੋੜੇ ਨੂੰ
ਕੀ ਕਹੋਂਗੇ ???????

Thursday, February 23, 2012

ਸੈਲਾਂ ਵਾਲੀ ਕਾਰ

ਮੈਂ ਜਦ ਨਿੱਕਾ ਸੀ ਤਾਂ ਮੇਰੇ ਤਾਇਆ ਜੀ ਕਨੇਡਾ ਤੋਂ ਮੇਰੇ ਲਈ ਇਕ ਸੈਲਾਂ ਵਾਲੀ ਕਾਰ ਲਿਆ ਕੇ ਦਿੱਤੀ| ਬਹੁਤ ਹੀ ਸੋਹਣੀ ਸੀ ਉਹ; ਕਨੇਡਾ ਦੀ ਪੁਲਸ ਦੀ ਗੱਡੀ, ਬਟਨ ਦੱਬਣ ਤੇ ਚੱਲਣ ਲੱਗਦੀ, ਲਾਲ ਨੀਲੀਆਂ ਬੱਤੀਆਂ ਜਗਦੀਆਂ ਬੁਜਦੀਆਂ ਤੇ ਪੁਲਸ ਦੇ ਹੂਟਰ ਦੀ ਅਵਾਜ ਵੀ ਨਿੱਕਲਦੀ| ਪਰ ਉਸ ਵਿੱਚ ਜੋ ਦੋ ਸੈਲ ਪੈਂਦੇ ਸੀ ਉਹ ਸੀ (C) ਸਾਈਜ ਦੇ ਸੀ ਤੇ ਘਰਦਿਆਂ ਦੇ ਕਹਿਣ ਮੁਤਾਬਿਕ ਉਹ ਪਿੰਡੋਂ ਨਹੀਂ ਮਿਲਦੇ ਸੀ ਤੇ ਸ਼ਹਿਰ ਦਾ ਗੇੜਾ ਤਾਏ ਦੇ ਦੁਬਾਰਾ ਆਓਣ ਤੇ ਹੀ ਲੱਗਣਾ ਸੀ| ਇਸ ਡਰ ਨੇ ਮੈਨੂੰ ਉਸ ਨਾਲ ਖੇਡਣ ਤੋਂ ਰੋਕ ਦਿੱਤਾ| ਮੈਂ ਉਸ ਨੂੰ ਟੀਵੀ ਦੀ ਟਰਾਲੀ ਦੇ ਸਭ ਤੋਂ ਹੇਠਲੇ ਖਾਨੇ ਵਿੱਚ ਰੱਖੀ ਨੂੰ ਬਾਰ ਬਾਰ ਦੇਖਦਾ ਰਹਿੰਦਾ ਤੇ ਕਦੇ ਕਦੇ ਘਰਦਿਆਂ ਤੋਂ ਚੋਰੀ ਉਸ ਨੂੰ ਬਾਹਰ ਕੱਢ ਕੇ ਕੁਝ ਸਕਿੰਟਾਂ ਲਈ ਉਸ ਦਾ ਬਟਨ ਔਨ ਕਰਦਾ ਤੇ ਫਿਰ ਆਪ ਹੀ ਜਲਦੀ ਨਾਲ ਬੰਦ ਕਰ ਦਿੰਦਾ| ਭਾਵੇਂ ਆਪਣੇ ਸਾਰੇ ਦੋਸਤਾਂ ਨੂੰ ਮੈਂ ਉਹ ਕਾਰ ਬਹੁਤ ਹੁੱਬ ਹੁੱਬ ਕੇ ਦਿਖਾਉਂਦਾ ਸੀ ਪਰ ਕਦੇ ਚਿੱਤ ਭਰ ਕੇ ਉਹਨਾ ਨਾਲ ਮਿਲ ਕੇ ਇਸ ਨਾਲ ਖੇਡ ਨਾ ਸਕਿਆ|
ਕੁਝ ਮਹੀਨਿਆਂ ਬਾਅਦ ਇਕ ਦਿਨ ਘਰਦਿਆਂ ਦੀ ਗੈਰ ਹਾਜ਼ਰੀ 'ਚ ਫਿਰ ਤੋਂ ਮੈਂ ਉਹ ਕਾਰ ਬਾਹਰ ਕੱਢੀ ਤੇ ਜਿੱਦਾਂ ਹੀ ਬਟਨ ਦੱਬ ਕੇ ਉਸ ਨੂੰ ਫਰਸ਼ 'ਤੇ ਰੱਖਿਆ ਤਾਂ ਇੰਝ ਲੱਗਿਆ ਜਿਵੇਂ ਮੇਰਾ ਨਿੱਕਾ ਜਿਹਾ ਦਿਲ ਮੇਰੇ ਢਿੱਡ 'ਚ ਚਲਾ ਗਿਆ ਹੋਵੇ, ਕਾਰ ਨੇ ਕੋਈ ਹਰ੍ਕਤ ਨਾ ਕੀਤੀ; ਨਾ ਬੱਤੀਆਂ ਜਗੀਆਂ; ਨਾ ਹੂਟਰ ਵੱਜਿਆ ਅਤੇ ਨਾ ਹੀ ਕਾਰ ਹਿੱਲੀ| ਮੈਂ ਦੋਨੋ ਹੱਥਾਂ ਨਾਲ ਫੜ੍ਹ ਕੇ ਉਸ ਨੂੰ ਬਹੁਤ ਹਿਲਾਇਆ; ਬਟਨ ਬੰਦ ਕਰ ਕੇ ਦੋਂ ਤੀਨ ਵਾਰ "ਵਹਿਗੁਰੂ ਵਹਿਗੁਰੂ" ਵੀ ਕੀਤਾ ਪਰ ਉਹਨੇ ਕੋਈ ਹੁੰਘਾਰਾ ਨਾ ਭਰਿਆ| ਸ਼ਾਇਦ ਉਸ ਦੀ ਬੈਟਰੀ ਮੁੱਕ ਚੁੱਕੀ ਸੀ ਪਰ ਮੇਰਾ ਦਿਲ ਭਰਿਆ ਪਿਆ ਸੀ| ਚਿਤ ਕਰੇ ਬੈਟਰੀ (ਟਾਰਚ) ਦੇ ਸੈਲ ਕੱਢ ਕੇ ਧੱਕੇ ਨਾਲ ਉਸ ਵਿੱਚ ਫਸਾ ਦਵਾਂ| ਮੈਨੂੰ ਨਹੀਂ ਪਤਾ ਕਦ ਉਸ ਕਾਰ ਦੇ ਸ਼ੀਸ਼ੇ 'ਤੇ ਮੇਰੇ ਹੰਝੂ ਆ ਡਿਗੇ| ਮੈਨੂੰ ਸਮ੍ਝ ਨਹੀਂ ਆ ਰਿਹਾ ਸੀ ਕਿ ਇਸ ਵਿੱਚ ਦੁਬਾਰਾ ਜਾਨ ਕਿੱਦਾਂ ਫੂਕਾਂ| ਮੈਂ ਸੋਚ ਰਿਹਾ ਸੀ ਕਾਸ਼ ਮੈਂ ਵੀ ਭਿੰਦੂ ਕੇ ਸੋਨੂੰ ਦੀ ਚਾਬੀ ਵਾਲੀ ਕਾਰ ਵਾਂਗ ਇਸ ਨੂੰ ਸੱਥ ਵਿੱਚ ਡਿੱਗੇ ਪਿੱਪਲ ਦੇ ਸੁੱਕੇ ਪੱਤਿਆਂ ਦੇ ਦੌੜਾ ਪਾਉਂਦਾ ਜਾਂ ਸੀਤੀ ਦੇ ਮੇਲੇ ਤੋਂ ਲਏ ਹੋਏ ਲੱਕੜ ਦੇ ਟਰੈਕਟਰ ਵਾਂਗ ਇਸ ਨੂੰ ਰੇਤੇ ਦੀਆਂ ਢੇਰੀਆਂ ਦੇ ਵਿੱਚ ਦੀ ਕੱਢਦਾ| ਕਾਫੀ ਦੇਰ ਉਹਨੂੰ ਉਦਾਂ ਹੀ ਫਰਸ਼ ਤੇ ਰੋੜ੍ਹਦਾ ਰਿਹਾ ਤੇ ਰੋਂਦਾ ਰਿਹਾ| ਫਿਰ ਘਰਦਿਆਂ ਦੇ ਮੁੜਨ ਤੋਂ ਪਹਿਲਾਂ ਉਸ ਨੂੰ ਵਾਪਿਸ ਰੱਖ ਦਿੱਤਾ ਤੇ ਆਪਣੇ ਚੋਰੀ ਚੋਰੀ ਉਸ ਕਾਰ ਨੂੰ ਚਲਾਉਣ ਦੇ ਫੜੇ ਜਾਣ ਦੇ ਡਰ ਕਰ ਕੇ ਘਰਦਿਆਂ ਨੂੰ ਵੀ ਕੁਝ ਨਾ ਦੱਸਿਆ| ਫਿਰ ਕਿੰਨੇ ਸਾਲ ਮੈਂ ਬੱਸ ਉਹਨੂੰ ਉੱਥੇ ਪਈ ਨੂੰ ਦੇਖਦਾ ਪਰ ਕੁਝ ਅਣਜਾਣ ਕਾਰਨਾ ਕਰ ਕੇ ਕਦੇ ਉਸ ਦੀ ਬੈਟਰੀ ਬਦਲ ਕੇ ਦੁਬਾਰਾ ਚਲਾਉਣ ਦਾ ਚਿੱਤ ਨਾ ਕੀਤਾ| ਸ਼ਾਇਦ ਉਸ ਦਿਨ ਹੰਝੂਆਂ ਨਾਲ ਉਸ ਨਾਲ ਖੇਡਣ ਦਾ ਚਾਅ ਵੀ ਵੈਹ ਗਿਆ ਸੀ|
ਅੱਜ ਵੀ ਜਦ ਸੀ (C) ਸਾਈਜ ਦੇ ਸੈਲ ਦੇਖਦਾਂ ਤਾਂ ਜ਼ਿੰਦਗੀ ਨੂੰ ਰੱਜ ਕੇ ਜੀਣ ਨੂੰ ਜੀ ਕਰਦਾ............

Wednesday, January 25, 2012

ਟਰਾਂਸਮੌਗਰੀਫ਼ਿਕੇਸ਼ਨ (Transmogrification)



ਗਲ਼ੀ ਵਿੱਚ ਲੜ ਰਹੇ ਕੁੱਤਿਆਂ 'ਚੋਂ
ਆਪਣੀ ਪਸੰਦ ਦਾ ਇੱਕ ਚੁਣਨਾ ਅਤੇ
ਉਸ ਦੇ ਜਿੱਤਣ ਦੀ ਉਮੀਦ ਕਰਨਾ

ਕਸਾਈ ਦੇ ਪਿੰਜਰੇ ਵਿੱਚ ਬੰਦ
ਮੁਰਗੇ ਦੀਆਂ ਅੱਧ - ਮਿਚੀਆਂ
ਅੱਖਾਂ ਵਿੱਚ ਸਾਂਤੀ ਦੇਖਣਾ

ਰੋਟੀ ਖਾਂਦੇ ਖਾਂਦੇ
ਸੜਕ ਹਾਦਸੇ ਵਿੱਚ ਮਰੇ
ਬੱਚਿਆਂ ਦੀ ਖਬਰ ਸੁਣ ਕੇ
ਟਿੱਚ ਟਿੱਚ ਕਰਨਾ

ਬੱਸ ਦੇ ਕੰਡਕਟਰ ਤੋਂ
10 ਰੁਪਿ ਬਕਾਇਆ ਲੈਣ ਲਈ
ਉਹਦੇ 'ਤੇ ਅੱਧਾ ਘੰਟਾ
ਨਿਗ੍ਹਾ ਟਿਕਾਈ ਰੱਖਣਾ

ਮੰਗਤੀ ਦੇ ਪਾਟੇ ਕੱਪੜਿਆਂ ਚੋਂ
ਦਿਸਦੇ ਮੈਲੇ ਅੰਗਾਂ ਨੂੰ
ਚੋਰੀ ਅੱਖ ਨਾਲ ਘੂਰਨਾ

ਇਸ ਖੁਸ਼-ਫਹਿਮੀ 'ਚ ਸ਼ਰਾਬ ਪੀਣਾ
ਕਿ ਆਖਰ ਹੁਣ ਮੈਂ
ਆਪਣੇ ਮਨ ਦੀ ਕਰ ਰਿਹਾਂ

ਸਬਜੀ ਦਾ ਅੱਧ-ਭਰਿਆ ਝੋਲਾ ਤੇ
ਖਾਲੀ ਖੀਸਾ ਲੈ ਕੇ ਜਾਣ ਲੱਗੇ
ਬੇਜੁਬਾਨ ਗਾਂ ਦੇ ਠੁੱਡ ਮਾਰ ਜਾਣਾ

ਕੀ ਕੁੱਝ ਕਰਨਾ ਪਿਆ ???
ਇਨਸਾਨ ਤੋਂ "ਆਮ" ਇਨਸਾਨ
ਬਣਨ ਲਈ............

Friday, January 20, 2012

ਜੇ ਰੁੱਸ ਜੇ ਝਾਂਜਰਾਂ ਵਾਲੀ......


ਅੱਜ ਫਿਰ ਹੌਸਲਾ ਕਰ ਕੇ ਤੈਨੂੰ ਮਨਾਓਣ ਲੱਗਿਆ ਹਾਂ
ਤੂੰ ਬੱਸ ਬਹਿ ਕੇ ਸੁਣੀ ਜਾਵੀਂ, ਕਹਾਣੀ ਪਾਓਣ ਲੱਗਿਆ ਹਾਂ|

ਤੂੰ ਜਾ ਹੱਥ ਧੋ ਲੈ ਆਪਣੇ, ਕਰਦਾਂ ਮੈਂ ਇਹਨਾ ਨੂੰ ਕੱਠੇ,
ਜਿੰਨਾ ਵਿੱਚ ਰੋਟੀ ਸੀ ਛੱਡੀ, ਭਾਂਡੇ ਉਹ ਧੋਣ ਲੱਗਿਆ ਹਾਂ|

ਮੈਨੂੰ ਤੱਕੇਂ ਤਾਂ ਹਰੀ ਬੱਤੀ, ਵੱਟੇਂ ਘੂਰੀ ਤਾਂ ਲਾਲ ਬਣਦੀ,
ਮੇਰੀ ਤਕਰੀਰਾਂ ਦੀ ਆਵਾਜਾਈ, ਰਾਹ 'ਚੋਂ ਘੁਮਾਓਂਣ ਲੱਗਿਆ ਹਾਂ|

ਬੋਤਲ ਦਾ, ਉਹ ਢੱਕਣ, ਜੋ ਵਗਾਹ ਮਾਰਿਆ ਸੀ ਮੈਂ ਰਾਤੀਂ
ਭਾਵੇਂ ਸੁੱਟ ਦੇਣੀ ਕੂੜੇ, ਪਰ ਲੱਭ ਕੇ ਲਾਓਣ ਲੱਗਿਆ ਹਾਂ|

ਫਲ ਚੁਣ ਕੇ ਨੇ ਕੱਟ ਦਿੱਤੇ, ਤੇ ਸੱਚ ! ਛਿਲਕਾ ਵੀ ਲਾਹ ਦਿੱਤਾ
ਤੇਰੇ ਸੋਹਣੇ ਦੰਦਾ ਵਾਂਗਰਾਂ, ਪਲੇਟੀ ਸਜਾਓਣ ਲੱਗਿਆ ਹਾਂ|

ਤੂੰ ਪਾ ਲਵੀਂ ਸੂਟ ਪੀਲਾ, ਨਾਲ ਗੁਰੂਦਵਾਰੇ ਵੀ ਚੱਲਾਂਗਾ
ਅੱਜ ਛੱਡ ਬਣਾਓਣ ਨੂੰ, ਬਾਹਰੋਂ ਖਾਣਾ ਮੰਗਾਉਣ ਲੱਗਿਆ ਹਾਂ|

ਸੱਚ ਤੂੰ ਪਸੰਦ ਸੀ ਕੁਝ ਕੀਤਾ, ਚੱਲ ਚੱਲੀਏ ਤੇ ਲੈ ਆਈਏ
ਤਨਖਾਹ ਵੀ ਡਿੱਗ ਪਈ ਖਾਤੇ, ਕਾਰਡ ਫੜਾਉਣ ਲੱਗਿਆ ਹਾਂ|

ਜੀ ! ਹੁਣ ਤਾਂ ਮੰਨ ਜਾਓ, ਨਾ ਤਰਸਾਓ, ਰਹਿਮ ਖਾਓ
ਕੁੱਝ ਲਿਖ ਕੇ ਤੁਹਾਡੇ ਬਾਰੇ, ਲਾਂਭਾ ਵੀ ਲਾਉਣ ਲੱਗਿਆ ਹਾਂ|

Sunday, January 15, 2012

ਹੋਂਦ

ਮੈਂ ਲੱਭਣ ਚੱਲਿਆਂ ਹਾਂ
ਸ਼ਾਇਦ ਵਕਤ ਲੱਗ ਜਾਵੇ
ਮੈਨੂੰ ਦੁਆਵਾਂ ਦਵੀਂ ਸੱਚੀਆਂ
ਕਿ ਮੇਰੀ ਹੋਂਦ ਲੱਭ ਜਾਵੇ

ਮੰਨ ਲਵਾਂ ਸੱਭ ਲਿਖੀਆਂ ਨੂੰ
ਲੱਗ ਜਾਵਾਂ ਲੜ ਕਿਸੇ ਦੇ
ਇਸ ਚੰਦਰੀ ਜਿਗਿਆਸਾ ਦਾ
ਜੜੋਂ ਮੁੱਕ ਹੀ ਯੱਬ ਜਾਵੇ

ਮੇਰੀਆਂ ਅੱਖਾਂ ਚੁੰਧਿਆ ਦਿੱਤੀਆਂ
ਇਸ ਦੁਨੀਆ ਦੇ ਚਾਨਣ ਨੇ
ਰੂਹ ਤੀਕਰ ਨ੍ਹੇਰ ਪਿਆ
ਕਾਸ਼! ਕੋਈ ਦਿਵਾ ਜਗ ਜਾਵੇ

ਕਦੇ ਕਾਗਜ਼ੀ ਟੁਕੜਿਆਂ ਨੂੰ
ਪੱਥਰਾਂ ਨਾਲ ਹੈ ਢਕ ਦੇਂਦਾ
ਕਦੇ ਪੱਥਰਾਂ ਦੇ ਟੁਕੜਿਆਂ 'ਤੇ
ਕਾਗਜ਼ ਚੜ੍ਹਾਉਣ ਲੱਗ ਜਾਵੇ

ਬੜਾ ਅੱਕ ਚੁੱਕਾ ਹਾਂ ਮੈਂ
ਇੰਝ ਸ਼ੱਕ ਜਿਹੇ ਕਰ ਕਰ ਕੇ
ਅੱਜ ਸਭੇ ਚੱਕ ਦੇਵੋ ਪਰਦੇ
ਕਿ ਰੱਬ ਮੇਰਾ ਲੱਭ ਜਾਵੇ

ਸੱਭ ਰਿਸ਼ਤੇ ਨਿਭਾ ਦਿੱਤੇ
ਮੈਂ ਸੱਭ ਤਮਗੇ ਲਵਾ ਲਿੱਤੇ
ਹੁਣ ਮੈਨੂੰ ਜਾਣ ਦੋ ਕਬਰੀਂ
ਕਿ ਕੋਈ ਘਰ ਵੀ ਲੱਭ ਜਾਵੇ

-------ਜੀਵਨ------

 Pic by: Ujwala Prabhu