Wednesday, March 6, 2013

ਜੀਤੋ

ਹਰੇ ਰੰਗ ਦੇ ਰੀਬਨ ਪਾ, ਸੋਹਣੀਆਂ ਦੋ ਗੁੱਤਾਂ ਕਰਵਾ, ਜੀਤੋ ਚੱਲੀ ਭਨਾਓਣ ਦਾਣੇ|
ਨਿੱਕੇ ਜਿਹੇ ਦਿਲ ਵਿੱਚ ਇਸ ਸਫਰ ਦੇ, ਚਾਅ ਕਿੰਨੇ ਇਹ ਕੌਣ ਜਾਣੇ ?

ਭੋਲੇ ਕੇ ਗੱਡੇ ਉੱਤੇ ਲੱਦੇ ਬਰਸੀਮ ਨੂੰ ਖਿੱਚ ਖਿੱਚ ਤੋੜ ਦੀ
ਬਣਾ ਪੀਪਣੀ ਉਹਦੀ ਕਿਸੇ ਕੰਨ ਕੋਲ ਬਜਾਉਂਦੀ ਉਹ ਬੜੇ ਜੋਰ ਦੀ|

ਨਿੱਕੇ ਨਿੱਕੇ ਪੈਰਾਂ ਵਿੱਚ ਧੌੜੀ ਦੀ ਉਹ ਜੁੱਤੀ ਉੱਤੇ ਝਾਂਜਰ ਟੱਪ ਦੀ
ਘੋਗਿਆਂ ਦੇ ਘਰ ਕਿਤੇ ਮਿੱਧੇ ਹੀ ਨਾ ਜਾਣ, ਸੰਭਾਲ ਪੈਰ ਰੱਖ ਦੀ|

ਟੋਭੇ ਦੇ ਦੂਜੇ ਪਾਸੇ, ਸੀਬੋ ਦੀ ਭੱਠੀ ਤੋਂ ਧੂਆਂ ਸੀ ਆ ਰਿਹਾ
ਜੀਤੋ ਦਾ ਮਨ ਭਾਉਂਦਾ ਰਸਤਾ ਅੱਜ ਫੇਰ ਸੀ ਉਹਨੂੰ ਬੁਲਾ ਰਿਹਾ|

ਸੱਥ ਦੇ ਨਾਲੋਂ ਢਲਾਨ ਜਿਹੀ ਇੱਕ, ਟੋਭੇ ਦੇ ਕੱਚੇ ਰਾਸਤੇ ਨਾਲ ਸੀ ਜੁੜਦੀ
ਡੰਗਰਾਂ ਦੇ ਆਓਣ ਜਾਣ ਨਾਲ ਬੜੀ ਧੂੜ ਜਿਹੀ ਰਹਿੰਦੀ ਸੀ ਉੱਡਦੀ|

ਮੂੰਹ ਉੱਤੇ ਕਰ ਚੁੰਨੀ ਦਾ ਪੱਲਾ, ਜੀਤੋਂ ਨੱਕ ਜਿਹਾ ਚੜ੍ਹਾਉਂਦੀ ਜਾਂਦੀ ਸੀ
ਨਾਲੇ ਕੱਟੇ ਦੀ ਪੂਛ ਮਰੋੜੇ ਨਾਲੇ ਡਰਦੀ ਰੌਲਾ ਪਾਓਂਦੀ ਜਾਂਦੀ ਸੀ|

ਅੱਜ ਫੇਰ ਚਿੱਟੀਆਂ ਤਿਤਲੀਆਂ, ਉਹਨੂੰ ਛੇੜਦੀਆਂ ਸੀ ਨਜ਼ਰ ਆਓਂਦੀਆਂ
ਫਿਰ ਚੁੰਨੀ ਦੇ ਖੰਭਾਂ ਨਾਲ ਉੱਡਦੀ ਜੀਤੋ ਤੋਂ ਖੁਦ ਨੂੰ ਸੀ ਉਹ ਬਚਾਓਂਦੀਆਂ|

ਫੜ੍ਹ ਕੇ ਉਹਨਾ ਨੂੰ ਦਾਣਿਆਂ ਵਾਲੇ ਝੋਲੇ 'ਚ ਪਾਓਂਦੀ ਜਾਂਦੀ ਸੀ
ਮਾਰ ਠੀਕਰੀਆਂ ਪਾਣੀ 'ਚੋਂ ਮੁਰਗਾਬੀਆਂ ਉਡਾਉਂਦੀ ਜਾਂਦੀ ਸੀ

ਪਏ ਸੀ ਜੋ 3 ਪੱਥਰ, ਗੰਦਲੇ ਪਾਣੀ ਦੇ ਵਿੱਚੋਂ ਲੰਘਣ ਲਈ
ਬੜਾ ਜ਼ੋਰ ਲਾਇਆ ਸੀ ਜੀਤੋ ਨੇ ਉਹਨਾ ਨੂੰ ਓਥੇ ਰੱਖਣ ਲਈ|

ਆਪਣੇ ਬਣਾਏ ਰਸਤੇ 'ਤੇ ਬੜਾ ਹੱਕ ਜਿਹਾ ਉਹ ਕਰਦੀ ਸੀ
ਟੋਭੇ ਨਾਲ ਬੇਨਾਮੇ ਰਿਸ਼ਤੇ ਦਾ ਬੜਾ ਨਿੱਗ੍ ਮਹਿਸੂਸ ਉਹ ਕਰਦੀ ਸੀ|

ਉਹ ਆਗੀ ਸੀ ਭੱਠੀ, ਉਹਦੀਆਂ ਸਹੇਲੀਆਂ ਸਭੇ ਖੜੀਆਂ ਸਨ
ਝੋਲੇ 'ਚੋਂ ਸਭ ਤਿੱਤਲੀਆਂ ਉਡਾਈਆਂ, ਜੋ ਉਸਨੇ ਰਾਹ ਵਿੱਚ ਫੜੀਆਂ ਸਨ

ਉਹਨੂੰ ਡਰ ਸੀ ਜੇ ਨਜ਼ਰੀਂ ਪੈਗੀਆਂ ਇਹ ਤਿੱਤਲੀਆਂ ਉਹਦੀਆਂ ਸਹੇਲੀਆਂ ਦੇ,
ਖੰਭ ਇਹਨਾ ਦੇ ਬਣ ਜਾਣੇ ਰੰਗ, ਉਹਨਾ ਚੰਦਰੀਆਂ ਦੀਆਂ ਹਥੇਲੀਆਂ ਦੇ|

ਜੀਤੋ ਦੇ ਝੋਲੇ 'ਚੋਂ ਸੀਬੋ ਜਦ ਚੁੱਗ ਕੱਢਦੀ ਦੋਵੇਂ ਹੱਥ ਜੋੜ ਕੇ
ਇਕ ਇਕ ਘਟਦਾ ਦਾਣਾ ਉਹਦਾ ਦਿਲ ਰੱਖ ਜਾਂਦਾ ਤੋੜ ਕੇ|

ਫਿਰ ਵੀ ਜੀਤੋ ਨੂੰ ਸੀਬੋ ਦਾ ਤਿਓ ਬੜਾ ਹੀ ਆਓਂਦਾ ਸੀ
ਉਹੀਓ ਤਾਂ ਬਹਾਨਾ ਸੀ ਜੋ, ਇਸ ਸਫਰ ਦਾ ਸਬੱਬ ਬਣਾਉਂਦਾ ਸੀ|

ਉਹਨੂੰ ਬੜੇ ਹੀ ਚੰਗੇ ਲੱਗਦੇ ਤੱਤੇ ਰੇਤੇ 'ਚ ਬੁੜਕਦੇ ਦਾਣੇ ਉਹ,
ਬੜੇ ਪਿਆਰ ਨਾਲ ਉਹਦਾ ਨਾਂ ਲੈ ਕੇ, ਦਾਣੇ ਮੰਗਦੇ ਸੱਥ ਦੇ ਸਿਆਣੇ ਉਹ|

ਇਹ ਖੁਸ਼ੀਆਂ ਭਰਿਆ ਸਫਰ ਉਹਨੂੰ ਕਿਸੇ ਪਰੀਲੋਕ ਜਿਹਾ ਲੱਗਦਾ ਸੀ
ਨਾ ਪਰਵਾਹ ਸੀ ਘਰਦੀ ਓਦੋਂ ਨਾ ਫਿਕਰ ਇਸ ਜੱਗ ਦਾ ਸੀ|

ਕਿਸੇ ਤਸਵੀਰ 'ਵੇਖ ਸਮੁੰਦਰ, ਉਹ ਆਪਣੀ ਮਾਂ ਕੋਲ ਜਾ ਬਹਿੰਦੀ ਸੀ
"ਟੋਭੇ 'ਚ ਲਹਿਰਾਂ ਕਿਉਂ ਨਹੀਂ ਹੁੰਦੀਆਂ?" ਉਹਨੂੰ ਪੁੱਛਦੀ ਰਹਿੰਦੀ ਸੀ

ਪਰ ਮਾਂ ਨੂੰ ਉਹਦੀ ਉਮਰ ਦੀਆਂ ਉੱਠਦੀਆਂ ਲਹਿਰਾਂ ਹੀ ਨਜ਼ਰ ਆਓਂਦੀਆਂ
ਇਹ ਲਹਿਰਾਂ ਬਣ ਤਿਉੜੀਆਂ ਮਾਂ ਦੇ ਮੱਥੇ 'ਤੇ ਫਿਕਰ ਦਿਖਾਉਂਦੀਆਂ|

ਇਹ ਫਿਕਰ ਬਣ ਜੰਜੀਰ ਜੀਤੋ ਦੇ ਪੈਰੀਂ ਪੈਂਦੀ ਜਾ ਰਹੀ ਸੀ
ਛੱਡ ਪਰੀਲੋਕ ਲੋਕ, ਹੁਣ ਬੈਠੀ ਉਹ ਘਰ ਦਾ ਫ਼ਰਜ਼ ਨਿਭਾ ਰਹੀ ਸੀ|

ਆਦੀ ਨਹੀਂ ਸੀ ਘੁਟਨ ਦੀ, ਅੱਕ ਕੇ ਛੱਤ ਉੱਤੇ ਭੱਜ ਜਾਂਦੀ ਸੀ
ਭੱਠੀ ਵਾਲਾ ਰਾਹ ਤੱਕ ਕੇ ਜਾਣੀ ਉਹਦੀ ਰੂਹ ਜਿਹੀ ਰੱਜ ਜਾਂਦੀ ਸੀ|

ਕਈ ਵਰ੍ਹੇ ਬੀਤੇ ਤੇ ਹੁਣ ਜ਼ਿੰਦਗੀ ਦੇ ਮਾਇਨੇ ਹੀ ਬਦਲ ਚੁੱਕੇ ਸੀ
ਪਰ ਜੀਤੋ ਦੇ ਭੋਲੇ ਦਿਲ ਦੇ ਚਾਅ ਨਿਮਾਣੇ ਹਾਲੇ ਵੀ ਨਹੀਂ ਸੁੱਕੇ ਸੀ|

ਟੋਭੇ ਲਾਗੇ ਜਾਂਦੀ ਸੜਕ 'ਤੋਂ, ਮਾਂ ਨਾਲ ਜਦ ਉਹ ਜਾਂਦੀ ਸੀ
ਮਾਂ ਤੋਂ ਚੋਰੀ ਮਾਰ ਠੀਕਰੀ, ਪਾਣੀ 'ਚ ਟੱਪੇ ਉਹ ਪਵਾਂਦੀ ਸੀ|

ਰੰਗਲੇ ਸੂਟ ਕੋਈ ਤਿੱਤਲੀ ਚਿੱਟੀ, ਉਹਨੂੰ ਜ਼ਿਆਦਾ ਖੁਸ਼ ਸੀ ਕਰ ਦਿੰਦੀ
ਉੱਡਦੀ ਕੂੰਜ ਕੋਈ ਦਿਲ ਉਹਦੇ ਵਿੱਚ ਸੁਪਨੇ ਜਿਹੇ ਸੀ ਭਰ ਦਿੰਦੀ|

ਅੱਜ ਅੰਬਰਾਂ ਦੇ ਸੁਪਨੇ ਵੇਖਣ ਵਾਲੀ ਨੂੰ, ਵੇਖਣ ਵਾਲੇ ਆਓਣੇ ਸਨ
ਘਾਬਰੀ ਜਿਹੀ ਉਹ ਛੱਤ 'ਤੇ ਚੜੀ, ਕਿ ਇਹ ਕੌਣ ਅਣਜਾਣ ਪ੍ਰਾਹੁਣੇ ਸਨ|

ਪਰ ਧਿਆਨ ਜੀਤੋ ਦਾ ਟੋਭੇ 'ਚ ਲਹਿੰਦੀ ਰੇਤੇ ਦੀ ਟਰਾਲੀ 'ਤੇ ਟਿਕਦਾ ਜਾਂਦਾ ਸੀ
ਲੱਗਿਆ ਜਿਓਂ ਜੀਤੋ ਦੇ ਜਾਣ ਦੀ ਖ਼ਬਰ ਸੁਣ, ਦਿਲ ਟੋਭੇ ਦਾ ਭਰਦਾ ਜਾਂਦਾ ਸੀ|

ਕਿਸੇ ਵਲੈਤੀ ਮੁੰਡੇ ਨਾਲ ਜੀਤੋ ਦਾ ਸੀ ਰਿਸ਼ਤਾ ਪੱਕਾ ਹੋਗਿਆ
ਡੋਲੀ ਵੇਲੇ, ਪਰੀਆਂ ਦਾ ਸੁਪਨਾ ਹੰਝੂਆਂ ਦੇ ਸੰਗ ਚੋ ਗਿਆ|

ਵਧੇ ਪਰਵਾਰਕ ਰੁਝੇਵਿਆਂ ਵਿੱਚ ਉਹ, ਗ਼ਮ ਨੂੰ ਘੋਲਦੀ ਰਹਿੰਦੀ ਸੀ
ਜੋ ਆਪ ਗਵਾਇਆ, ਬੱਚਿਆਂ ਦੇ ਉਹ ਵਿੱਚ ਟੋਲਦੀ ਰਹਿੰਦੀ ਸੀ|

ਪਰ ਉਹ ਵਿਦੇਸ਼ੀ ਜੰਮੇ ਪਲੇ, ਬਾਹਰ ਦੀ ਰੌਣਕ ਜੋਗੇ ਰਹਿ ਗਏ ਸੀ
ਮਾਂ ਦੇ ਲਾਡ ਲਡਾਉਣੇ ਨੂੰ, ਵੀ ਪੇਂਡੂ ਪੁਣਾ ਸਮ੍ਝ ਕੇ ਬਹਿ ਗਏ ਸੀ

ਉਹਦਾ ਵੀ ਕਦੇ ਦਿਲ ਕਰਦਾ, ਬਨਾਵਟੀ ਰੰਗ ਦੇ ਵਿੱਚ ਰੰਗ ਜਾਵੇ ਉਹ
ਜੋ ਸਮਾਜ ਕੋਲੋਂ ਸੀ ਹਾਰ ਚੁੱਕੀ, 'ਜਗਜੀਤ ਕੌਰ' ਹੁਣ ਕਹਾਵੇ ਉਹ|

ਮਾਂ ਦਾ ਉਹਨੂੰ ਜੀਤੋ ਕਹਿਣਾ, ਕੰਨੀ ਮਿਸਰੀ ਜਿਹੀ ਘੋਲ ਦਿੰਦਾ ਸੀ
ਸੋਚਦੀ ਤਾਂ, ਉਹਨੂੰ ਲੰਘਿਆ ਸਮਾਂ ਬੇਚੈਨ ਜਿਹਾ ਕਰ ਦਿੰਦਾ ਸੀ|

ਬੇਚੈਨੀ ਦਾ ਇਹ ਬੋਝ ਜੀਤੋ ਨੂੰ, ਸੀ ਅੰਦਰੋ ਅੰਦਰੀਂ ਰਵਾ ਰਿਹਾ
ਮੁਰਗਾਬੀਆਂ ਦਾ ਉਹ ਝੁੰਡ ਉਹਨੂੰ, ਸੀ ਆਵਾਜਾਂ ਮਾਰ ਬੁਲਾ ਰਿਹਾ|

No comments:

Post a Comment