ਜਦ ਵੀ ਝੁੰਡ ਮੁਰਗਾਬੀਆਂ ਦੇ ਤੱਕਦੀ ਨੂੰ ਵੇਖਾਂ
ਲੱਗਦਾ ਗਿਲੇ ਜਿਓਂ ਕਰਦੀ, ਸੰਗ ਆਪਣੇ ਲੇਖਾਂ|
ਸੰਪੂਰਨਤਾ ਦੀ ਹੋਂਦ ਨੂੰ ਫਿਰ ਲੱਭਦੀ ਦਿੱਸਦੀ
ਸੋਚਾਂ ਦੀ ਚੱਕੀ ਜਾਪਦੀ, ਜਿਓਂ ਜਾਵੇਂ ਪਿੱਸਦੀ|
ਹਾਣੀ ਦੀ ਕੋਈ ਗੱਲ ਜਦ ਤੇਰੀ ਰੂਹ ਤੀਕ ਜਾਂਦੀ
ਸੀ ਤੋਰ ਤੇਰੀ ਵੀ ਮੁਰਗਾਬੀਆਂ ਵਾਂਗਰ ਹੋ ਜਾਂਦੀ|
ਜਦ ਸੰਧਲੀ ਖਿਆਲਾਂ ਵਾਲੜੇ ਤੇਰੇ ਖੰਭ ਸੀ ਉੱਗਦੇ
ਉੱਡ ਅਰਮਾਨ ਤੇਰੇ ਇਹਨਾਂ ਵਾਂਗਰਾਂ ਕਿਤੇ ਖੁਸ਼ੀਆਂ ਚੁਗਦੇ|
ਜਦ ਰੋਕ ਸਾਹਾਂ ਨੂੰ ਇਕਲਾਪੇ ਦੇ ਦਰਿਆ ਨੂੰ ਮਾਪੇਂ
ਵਾਂਗ ਇਹਨਾਂ ਗਹਿਰਾਈਆਂ ਵਿੱਚ ਗੁੰਮ ਗਈ ਜਾਪੇਂ|
ਤੇਰਾ ਸਭ ਕੁੱਝ ਇਹਨਾਂ ਵਾਂਗਰਾਂ, ਤੂੰ ਸੰਪੂਰਨ ਲੱਗਦੀ
ਫਿਰ ਬੰਦ੍ਸ਼ਾਂ ਦੇ ਸੰਗਲ ਖੜਕਦੇ, ਮੈਨੂੰ ਘੂਰਨ ਲੱਗਦੀ|
ਛਪਾਕ ਹੋਇਆ ਤੇ ਪਾਣੀਆਂ ਹਾਹਾਕਾਰ ਮਚਾਇਆ
ਕਿਉਂ ਸਧਰਾਂ ਕਤਲ ਕਮਾਓਂਦਿਆਂ ਨੂੰ ਤਰਸ ਨਾ ਆਇਆ ?
No comments:
Post a Comment