ਅੱਜ ਵੀ ਜਦ ਕੋਈ ਹਲੂਣ ਕੇ
ਮੇਰੀਆਂ ਸੋਚਾਂ ਦੇ ਖੰਬਾਂ ਨੂੰ....
ਬੁੱਢੀ ਮਾਈ ਦੇ ਵਾਲਾਂ ਵਾਂਗ
ਝਾੜ ਦਿੰਦਾ ਹੈ
ਤਾਂ ਲਗਦਾ ਹੈ ਜਾਣੀ
ਸਮਾਜ ਦੇ ਵਰਦੇ ਅੰਗਾਰਿਆਂ ਵਿੱਚ
ਮੇਰੇ ਸਿਰੋਂ ਛੱਤ ਚੁੱਕੀ ਗਈ ਹੋਵੇ
ਪਰ ਕਿਸੇ ਦੀ ਛੋਹ ਵਿੱਚ ਜਦ
ਆਪਣਾ-ਪਣ ਝਲਕਦਾ ਹੈ
ਤਾਂ ਯਾਦ ਆਓਂਦੀ ਹੈ....
ਉਸ ਦੇ ਉਹਨਾਂ ਹੱਥਾਂ ਦੀ
ਜਿਨ੍ਹਾਂ ਵਿੱਚ ਉਹ ਮੇਰੇ ਮੁੱਖ ਨੂੰ ਫੜ
ਇਕ ਟੀਕ ਲਾਕੇ ਵੇਂਦੀ ਰਹਿੰਦੀ
ਤੇ ਪਲਕਾਂ ਚਪਕਦਿਆਂ ਹੀ
ਸਿਆਲ ਦੀ ਪਹਿਲੀ ਤਰੇਲ ਵਾਂਗ...
ਹੰਝੂਆਂ ਦੀ ਇੱਕ ਜੰਜੀਰ ਬਣੀ ਦਿੱਸਦੀ
ਉਸਦੀਆਂ ਸਿੱਲੀਆਂ ਅੱਖਾਂ ਵਿਚ ਮੈਨੂੰ ਹਮੇਸ਼ਾ
ਬੇਤਹਾਸ਼ਾ ਪਿਆਰ ਦੇ ਨਾਲ ਨਾਲ ਇਕ
ਡਰ ਵੀ ਨਜ਼ਰ ਆਓਂਦਾ
ਡਰ..ਸਮਾਜ ਨਾਲ ਲੜਨ ਦਾ
ਡਰ...ਆਪਣਿਆਂ ਤੋਂ ਦੂਰ ਜਾਣ ਦਾ
ਡਰ...ਮੇਰੇ ਤੋਂ ਜੁਦਾ ਹੋਣ ਦਾ
ਪਰ ਫੇਰ ਉਹ ਸਹਿਮੀਆਂ ਅੱਖਾਂ ਵਿੱਚ
ਮੇਰੇ ਚਹਿਰੇ ਨੂੰ ਸ੍ਮਾ ਕੇ....
ਜ਼ੋਰ ਨਾਲ ਅੱਖਾਂ ਬੰਦ ਕਰ ਲੈਂਦੀ
ਤੇ ਮੈਨੂੰ ਬੁੱਕਲ 'ਚ ਘੁੱਟ ਕੇ...
ਆਪਣੀਆਂ ਕੰਬਦੀਆਂ ਲੱਤਾਂ ਨੂੰ
ਸਹਾਰਾ ਦਿੰਦੀ......
ਸ਼ਾਇਦ ਇਹੀ ਓਹ ਪਲ ਸਨ....
ਜਦ ਅਸੀਂ ਇਕ ਦੂਜੇ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦੇ
ਤਨੋਂ ਵੀ....ਤੇ ਮਨੋਂ ਵੀ....
ਸ਼ਾਇਦ ਇਹੀ ਓਹ ਪਲ ਸਨ....
ਜਦ ਅਸੀਂ ਇਕ ਦੂਜੇ ਤੋਂ ਜੁਦਾ ਹੋਣ ਤੋਂ
ਸ੍ਭ ਤੋ ਜ਼ਿਆਦਾ ਡਰਦੇ
ਤੇ ਹੁਣ ਉਹਨਾਂ ਪਲਾਂ ਸਹਾਰੇ ਹੀ
ਸਾਰੀ ਦੁਨੀਆ ਨਾਲ ਲੜਨ ਦੀ
ਹਿੱਮਤ ਪੈ ਰਹੀ ਹੈ
ਤੇ ਉਹਨਾਂ ਪਲਾਂ ਸਦਕਾ ਹੀ
ਇਸ ਦੂਰੀ ਵਿੱਚ ਇੱਕ ਦੂਜੇ ਲਈ
ਯਕੀਨ ਦਾ ਕਾਰਨ ਬਣੇ ਹੋਏ ਹਾਂ
ਤੇ ਹੁਣ ਮੈਂ....
ਉਮੀਦ ਦਾ ਮਹਿਲ ਉਸਾਰੀ
ਉਸਦੀ ਦਹਿਲੀਜ਼ 'ਤੇ ਬੈਠਾ
ਉਡੀਕ ਕਰ ਰਿਹਾ ਹਾਂ
ਕਿ ਜ਼ਿੰਦਗੀ ਆਇਗੀ....
ਤੇ ਫਿਰ ਆਪਣੇ ਕੰਬਦੇ ਹੱਥਾਂ ਵਿੱਚ
ਮੇਰੇ ਮੁੱਖ ਨੂੰ ਲੇ ਕੇ...
ਮੇਰੇ ਚਹਿਰੇ ਦੇ ਉਖੜਦੇ ਜਜ਼ਬਾਤਾਂ ਨੂੰ
ਆਪਣੇ ਨੈਣਾਂ ਵਿੱਚ ਭਰ ਲਵੇਗੀ
ਪਰ ਇਸ ਵਾਰ ਮੈਨੂੰ ਓਹਦੇ ਮੁੱਖ 'ਤੇ
ਕੋਈ ਡਰ ਨਹੀਂ...
ਬਲਕਿ
ਬੇ-ਪਰਵਾਹ ਪਿਆਰ ਨਜ਼ਰ ਆਵੇਗਾ
ਅਜੇ ਧਰਤੀ ਘੁੰਮ ਰਹੀ ਹੈ
ਜ਼ਿੰਦਗੀ ਜ਼ਰੂਰ ਆਇਗੀ......
No comments:
Post a Comment