13 ਫਰਵਰੀ, 2006
ਅੱਜ ਸਵੇਰੇ ਉੱਠਦੇ ਸਾਰ ਸਿਰ ਫਟ ਰਿਹਾ ਸੀ| ਅਕਸਰ ਜਾਗੋ ਤੇ ਵਿਆਹ ਦੇ ਫੰਕਸ਼ਨ ਤੋਂ ਅਗਲਾ ਦਿਨ ਐਦਾਂ ਹੀ ਸ਼ੁਰੂ ਹੁੰਦਾ ਸੀ| ਗਿੱਲ ਦੇ ਵੱਡੇ ਭਰਾ ਦੇ ਵਿਆਹ ਤੇ ਅਸੀਂ ਬਾਹਵਾ ਖਰੂਦ ਪੱਟਿਆ ਸੀ; ਖਾਸ ਕਰਕੇ ਜਾਗੋ ਤੇ, ਜਿੱਥੇ ਸਵੇਰ ਦੇ 3 ਵਜੇ ਤਕ ਨੱਚ-2 ਕੇ ਅਸੀਂ ਰੱਜ ਕੇ ਭੜਾਸ ਕਢਦੇ ਰਹੇ| ਵੈਸੇ ਐਨਾ ਗਾਹ ਪੌਣ ਲਈ ਵੀ ਕਾਫੀ ਪੀਣੀ ਪਈ| ਫੇਰ ਵਿਆਹ ਦੇ ਦਿਨ ਦੀ ਖੁਰਾਕ ਸ਼ੁਰੂ ਤਾਂ ਜੂਸ ਤੋਂ ਹੋਈ ਤੇ ਸ਼ਾਮ ਤੱਕ ਸੇਵਨ ਵੀ ਤਰਲ ਪਦਾਰਥ ਦਾ ਹੀ ਰਿਹਾ....... ਪਰ ਉਹਦਾ ਰੰਗ ਬਦਲ ਗਿਆ ਸੀ| ਇਹ ਸਾਰਾ ਕੁਝ ਕਾਰਨ ਸੀ ਮੇਰੇ ਸਿਰ ਦੁਖਣ ਦਾ, ਜਿਸਨੂੰ ਆਪਾਂ "Hangover" ਵੀ ਕਹਿ ਲੈਨੇ ਆ|
ਮੈਂ ਦੁਪਹਰ ਤਕ ਕਮਰੇ 'ਚ ਪਿਆ ਤਰ੍ਲੋ-ਮੱਛੀ ਹੋਈ ਗਿਆ| ਅਸੀਂ (ਮੈਂ, ਪੰਧੇਰ ਤੇ ਬਾਬਾ) ਲੁਧਿਆਣੇ ਸਰਾਭਾ ਨਗਰ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸੀ| ਅਸੀਂ ਹੋਸਟਲ ਛੱਡ ਕੇ ਸ਼ਹਿਰ 'ਚ ਕਮਰਾ ਤਾਂ ਇਸ ਲਈ ਲਿਆ ਸੀ ਕਿ IELTS ਦੇ ਪੇਪਰ ਦੀ ਤਿਆਰੀ ਕਰਾਂਗੇ| ਪਰ ਦੋ-ਤਿੰਨ ਦਿਨ ਜਾ ਕੇ ਅਸੀਂ ਐਲਾਨ ਕਰ ਦਿੱਤਾ ਕਿ ਸਾਨੂੰ ਸਿਖਾਓਣ ਵਾਲੇ ਨਾਲੋਂ ਭੋਰਾ ਵੱਧ ਹੀ ਆਓਂਦਾ| ਇਸ ਲਈ ਕਲਾਸ ਵਿੱਚ ਸਮਾਂ ਖਰਾਬ ਕਰਨ ਨਾਲੋਂ ਅਸੀਂ ਘੁਮਾਰ-ਮੰਡੀ ਦੀ ਗੇੜੀ ਲੌਣਾ ਜਿਆਦਾ ਪਸੰਦ ਕਰਦੇ ਸੀ| ਪਰ ਅੱਜ ਤਾਂ ਉੱਠਣ ਦੀ ਵੀ ਹਿਮੱਤ ਨਹੀਂ ਹੋ ਰਹੀ ਸੀ, ਗੇੜੀ ਤਾਂ ਦੂਰ ਦੀ ਗਲ ਸੀ|
ਮੈਂ ਸਮਾਂ ਦੇਖਣ ਲਈ ਮੋਬਾਇਲ ਚੱਕਿਆ ਤਾਂ ਦੇਖਿਆ 9 ਮਿਸ ਕਾਲਾਂ.......ਇੱਕ ਵੀ ਕੰਮ ਦੀ ਨਹੀਂ ਸੀ, ਸਾਰੀਆਂ "ਬੁੱਗ" ਦੀਆਂ........ਫਿਰ ਇੱਕ ਮੈਸੇਜ.......ਇਹ ਵੀ ਉਹਦਾ...."ਤਿਆਰ ਰਿਹੋ !!!! ਗਿੱਲ ਕੇ ਰਿਸੈਪ੍ਸ਼ਨ ਤੇ ਜਾਣਾ"......ਸੋਚ ਕੇ ਹੀ ਦਿਲ ਕੱਚਾ ਕੱਚਾ ਹੋਣ ਲੱਗ ਪਿਆ| ਚਲੋ ਹੋਣੀ ਨੂੰ ਕੌਣ ਟਾਲ ਸਕਦਾ ???? ਆਪਾਂ ਉੱਠ ਕੇ ਅਗਲੀ ਲੜਾਈ ਲੜਨ ਲਈ ਤਿਆਰੀ ਸ਼ੁਰੂ ਕਰਤੀ|
ਸ਼ਾਮੀਂ ਬੁੱਗ ਗੱਡੀ ਲੈ ਕੇ ਆਗਿਆ.....ਪਰ ਇਹ ਕੀ ?????? ਨਾਲ ਡਰਾਈਵਰ ?????
ਪੁੱਛਣ ਤੇ ਪਤਾ ਲੱਗਾ ਕਿ ਜਨਾਬ ਨੂੰ ਘਰਦਿਆਂ ਵੱਲੋਂ ਹੁਕਮ ਹੋਇਆ ਹੈ ਕਿ ਰਾਤ ਨੂੰ ਘਰ ਵਾਪਿਸ ਆਓਣਾ ਹੈ ਤੇ ਕਿਉਂ ਕਿ ਅਸੀਂ ਪਾਰਟੀ ਵਿੱਚ ਆਨੰਦ ਲੈਣ ਜਾ ਰਹੇ ਹਾਂ ਇਸ ਲਈ ਗੱਡੀ ਚਲਾਓਣ ਦੀ ਜੁਮੇਵਾਰੀ ਲੈ ਕੇ ਕੋਈ ਵੀ ਇਹ ਮੌਕਾ ਖਰਾਬ ਨਹੀਂ ਕਰਨਾ ਚਾਹੁੰਦਾ ਸੀ|
ਲਓ ਜੀ ! ਆਪਾਂ ਸਾਰੇ ਗੱਡੀ ਵਿੱਚ...... ਤੇ ਅੱਜ ਦੇ ਦਿਨ ਲਈ ਸਾਡਾ ਸਾਰਥੀ (driver) ਸੀ......... "ਕੇਵਲ"...... ਉਹ ਬੁੱਗ ਦੇ ਪਿੰਡ ਦਾ ਹੀ ਸੀ ਤੇ ਬੁੱਗ ਦੇ ਮੁਤਾਬਕ ਕਾਫੀ ਸਮਝਦਾਰ ਵੀ ਸੀ| ਗੱਡੀ ਸਾਡੀ ਮੰਜ਼ਿਲ, ਜਾਣੀ ਕਿ ਪਟਿਆਲੇ ਵੱਲ ਨੂੰ ਖਿੱਚ ਦਿੱਤੀ ਗਈ|
ਅਸੀਂ ਪਾਰਟੀ ਵਿੱਚ ਪਹੁੰਚੇ ਤੇ ਨਾਲ ਹੀ ਸਾਡੇ ਟੇਬਲ ਤੇ ਬੋਤਲ ਆ ਗਈ| ਕੇਵਲ ਸਾਡੇ ਨਾਲ ਹੀ ਬੈਠਾ ਸੀ ਪਰ ਉਹਨੂੰ ਸਖ਼ਤ ਹਦਾਇਤ ਸੀ ("ਬੁੱਗ" ਦੇ ਘਰਦਿਆਂ ਵੱਲੋਂ) ਕਿ ਦਾਰੂ ਨਹੀਂ ਪੀਣੀ| ਪਰ ਬੁੱਗ ਤੋਂ ਉਹਦੀਆਂ ਪਿਆਸੀਆਂ ਨਜ਼ਰਾਂ ਦੇਖੀਆਂ ਨਹੀਂ ਗਈਆਂ ਤੇ ਉਹਨੂੰ ਇੱਕ ਪੈਗ ਪੇਸ਼ ਕਰ ਦਿੱਤਾ ਗਿਆ| ਇੱਕ ਪੈਗ ਲਾ ਕੇ ਉਹ ਉੱਠ ਕੇ ਚਲਾ ਗਿਆ| ਮੈ ਸੋਚਿਆ ਕਿ ਬੁੱਗ ਇਹਦੇ ਬਾਰੇ ਠੀਕ ਹੀ ਕਹਿੰਦਾ ਸੀ, ਲਗਦਾ ਤਾਂ ਸਮਝਦਾਰ ਹੀ ਹੈ
ਪਾਰਟੀ ਖਤਮ ਹੋਈ...... ਅਸੀਂ ਔਖੇ ਸੌਖੇ ਖਾਣਾ ਖਾਦਾ ਤੇ ਵਾਪਸੀ ਦੀ ਤਿਆਰੀ ਸ਼ੁਰੂ ਕੀਤੀ| ਤਿਆਰੀ ਤੋਂ ਮੇਰਾ ਭਾਵ ਬੰਦੇ ਲੱਭ ਕੇ ਇਕੱਠੇ ਕਰਨੇ| ਬਾਕੀ ਸਾਰੇ ਤਾਂ ਮਿਲਗੇ ਪਰ ਸਾਲਾ "ਕੇਵਲ" ਗੁਆਚ ਗਿਆ| ਅਸੀਂ ਸਾਰਾ ਪੈਲਸ ਗਾਹਤਾ ਪਰ ਉਹ ਪਤਾ ਨਹੀਂ ਕਿਹੜੇ ਕੋਨੇ ਵਿੱਚ ਲੁਕਿਆ ਸੀ| ਅਸੀਂ ਟੇਬਲਾਂ ਦੇ ਕਪੜਿਆਂ ਤੋਂ ਲੈ ਕੇ ਲੇਡੀਜ਼ ਟੋਇਲੇਟ ਤੱਕ ਸੱਭ ਥਾਵਾਂ ਦੇਖ ਲਈਆਂ ਪਰ ਕੇਵਲ ਨਾ ਲੱਭਾ| "ਬੁੱਗ ! ਸਾਲਿਆ ਤੈਨੂੰ ਕੀਹਨੇ ਕਿਹਾ ਸੀ ਉਹਨੂੰ ਪੈਗ ਦੇਣ ਲਈ".....ਸਾਰੇ ਬੁੱਗ ਤੇ ਚੜ੍ਹੇ ਹੋਏ ਸੀ| ਸਾਰੀ ਖਾਦੀ ਪੀਤੀ, ਗਾਲਾਂ ਕੱਢਦਿਆਂ ਦੀ ਉੱਤਰ ਗਈ ਮੈਂ ਅੱਕ ਕੇ ਹਰਨਿਹਾਲ (ਗਿੱਲ ਦਾ ਪਟਿਆਲੇ ਦਾ ਦੋਸਤ) ਦੀ ਕਾਰ ਵਿੱਚ ਜਾ ਕੇ ਸੌਂ ਗਿਆ| ਮੇਰੀ ਅੱਖ ਓਦੋਂ ਖੁੱਲੀ ਜਦ ਮਹਿਸੂਸ ਹੋਇਆ ਕਿ ਸਾਰੇ ਮੈਨੂੰ ਲੱਭ ਰਹੇ ਨੇ ਬਾਹਰ ਨਿਕਲਦੇ ਹੀ ਮੇਰੀ ਵੀ ਚੰਗੀ ਸੇਵਾ ਕੀਤੀ ਗਈ.......ਗਾਲਾਂ ਨਾਲ|
ਆਖਰ ਜਦ ਸਾਨੂੰ ਕੇਵਲ ਨਾ ਲੱਭਿਆ ਤਾਂ ਅਸੀਂ ਉਹਨੂੰ ਛੱਡ ਕੇ ਜਾਣਾ ਬੇਹਤਰ ਸਮਝਿਆ| ਪੰਗਾ ਓਦੋਂ ਪਿਆ ਜਦ ਇਹ ਪਤਾ ਲੱਗਿਆ ਕਿ ਸਾਡੀ ਗੱਡੀ ਦੀ ਚਾਬੀ ਵੀ ਕੇਵਲ "ਜੀ" ਨਾਲ ਹੀ ਲੈ ਗਏ ਨੇ| ਕੋਈ ਹੋਰ ਚਾਰਾ ਨਾ ਹੋਣ ਕਰਕੇ ਅਸੀਂ ਹਰਾਨਿਹਾਲ ਦੇ ਘਰ ਰਾਤ ਕੱਟਣੀ ਠੀਕ ਸਮਝੀ|
(ਐਥੇ "ਅਸੀਂ" ਤੋਂ ਭਾਵ ਹੈ - ਮੈਂ, ਬੁੱਗ, ਕੰਗ, ਅਨੂਪ, ਮਿਨ੍ਹਾ, ਬਾਜਵਾ ਅਤੇ ਬਾਬਾ)
ਸਾਰੇ ਜਾਂਦੇ ਹੀ ਪਸਰ ਗਏ.....ਤੇ ਕਿਸੇ ਨੇ ਆਪਣੇ ਕੋਟ ਉਤਾਰਨ ਦੀ ਵੀ ਜ਼ਹਿਮਤ ਨਹੀਂ ਕੀਤੀ| ਇਹਨਾਂ ਹਾਲਾਤਾਂ ਵਿੱਚ ਸੱਭ ਤੋਂ ਵਧ ਹਾਸਾ ਬੁੱਗ ਨੂੰ ਦੇਖ ਕੇ ਆ ਰਿਹਾ ਸੀ, ਜੋ ਕਿ 3 ਪੀਸ ਸੂਟ ਪਾ ਕੇ ਤੇ ਟਾਈ ਲਾ ਕੇ ਘੁਰਾੜੇ ਮਾਰ ਰਿਹਾ ਸੀ|
ਮੈਨੂੰ ਲਗਦਾ ਸਵੇਰ ਦੇ ਤਕਰੀਬਨ 5 ਵੱਜੇ ਸੀ ਤੇ ਮੈਨੂੰ ਕੋਈ ਫੋਨ ਵੱਜਦਾ ਸੁਣਿਆ| ਮੈਂ ਬਥੇਰਾ ਰੌਲਾ ਪਾਇਆ ਕਿ ਇਹਨੂੰ ਸਾਲੇ ਨੂੰ ਕੋਈ ਕੰਧ 'ਚ ਮਰੋ ਪਰ ਕੋਈ ਸੁਣਵਾਈ ਨਹੀਂ ਹੋਈ| ਆਖਰ ਮੈਂ ਆਪ ਫੋਨ ਲੱਭਿਆ (ਜੋ ਕਿ ਬੁੱਗ ਦਾ ਸੀ) ਤੇ ਚੱਕ ਕੇ ਬੁੱਗ ਦੇ ਢਿੱਡ 'ਚ ਮਾਰਿਆ| ਓਹਨੇ ਫੋਨ ਦੀ ਸਕਰੀਨ ਤੇ ਟੁੱਟੀ ਜਿਹੀ ਨਿਗ੍ਹਾ ਮਾਰੀ, ਜਿੱਥੇ ਲਿਖਿਆ ਸੀ "Pakoda calling......"
"ਇਹਨੂੰ ਅੱਧੀ ਰਾਤ ਨੂੰ ਕੀ ਮੌਤ ਪੈ ਗਈ....." ਇਹ ਸਨ ਅੱਜ ਸਵੇਰ ਦੇ ਪਹਿਲੇ ਪ੍ਰਵਚਨ ਜੋ ਬੁੱਗ ਦੇ ਮੂੰਹ 'ਚੋਂ ਨਿੱਕਲੇ| ਬੁੱਗ ਦੀ ਹਿੱਮਤ ਨਹੀਂ ਸੀ ਫੋਨ ਕੰਨ ਨੂੰ ਲਾਓਣ ਦੀ, ਇਸ ਲਈ ਉਹਨੇ ਸਪੀਕਰ ਚਲਾ ਕੇ ਕੋਲ ਰੱਖ ਲਿਆ|
"ਹਾਂ ! ਕੀ ਆ ?" ਬੁੱਗ ਬੋਲਿਆ|
"ਕਿੱਥੇ ਓਂ ????" ਪਕੌੜੇ ਦੀ ਆਵਾਜ਼ ਘਬਰਾਈ ਜਿਹੀ ਲੱਗੀ|
"ਘਰੋਂ ਫੋਨ ਆਇਆ ਸੀ ????" ਬੁੱਗ ਨੂੰ ਯਾਦ ਆਇਆ ਕਿ ਘਰਦੇ ਸਾਨੂੰ ਉਡੀਕਦੇ ਹੋਣੇ ਆ...."ਯਾਰ ਮੈਂ ਘਰ ਫੋਨ ਕਰਨਾ ਭੁੱਲ ਗਿਆ......."|
"ਸਾਲਿਓ !!!! ਥੋਨੂੰ ਪੁਲਿਸ ਭਾਲਦੀ ਫਿਰਦੀ ਆ" ਪਕੌੜੇ ਨੇ ਉਹਦੀ ਗੱਲ ਪੂਰੀ ਸੁਣੇ ਬਿਨਾ ਹੀ ਸੋਟਾ ਮਾਰਤਾ |
ਇਸ ਤੋਂ ਬਾਦ ਪਕੌੜੇ ਨੇ ਕੀ ਕਿਹਾ ਸਾਨੂੰ ਕੁਝ ਨੀਂ ਸੁਣਿਆ| ਉਹਦੀ ਇਹ ਗਲ ਸੁਣ ਕੇ ਅਸੀਂ ਸਾਰੇ ਭੱਠੀ 'ਚ ਭੁੱਜਦੇ ਦਾਣਿਆਂ ਵਾਂਗ ਬੁੜਕ ਬੁੜਕ ਕੇ ਉਠੇ| ਬਾਬੇ ਤੋਂ ਬਿਨਾ ਅਸੀਂ ਸਾਰੇ ਬੁੱਗ ਦੇ ਦੁਆਲੇ ਕੱਠੇ ਹੋ ਗਏ| ਬਾਬੇ ਨੂੰ ਪਤਾ ਨਹੀਂ ਕਿਹੜਾ ਚਾਅ ਚੜਿਆ ਸੀ....ਉਠਦੇ ਸਾਰ ਹੀ ਪੱਗ ਬੰਨਣ ਲੱਗ ਪਿਆ| ਉਹਨੂੰ ਪੇਚ ਟਿਕਾਓਂਦੇ ਨੂੰ ਦੇਖ ਕੰਗ ਖਿਝ ਗਿਆ "ਸਾਲਿਆ ! ਪੁਲਿਸ ਲੱਭ ਰਹੀ ਹੈ......ਕੋਈ ਕੁੜੀ ਵਾਲੇ ਨਹੀਂ ਵੇਖਣ ਆਓਣ ਲੱਗੇ....ਵੱਡਾ ਇੰਦਰਜੀਤ ਨਿੱਕੂ...." ਉਨਿੰਦਰੇ ਬਾਬੇ ਨੂੰ ਕੁਝ ਸੁਣਾਈ ਨਹੀਂ ਦਿੱਤਾ ਤੇ ਉਹ ਲੱਗਿਆ ਰਿਹਾ|
ਪਕੌੜੇ ਨੇ ਦੱਸਿਆ ਕਿ "ਕੇਵਲ ਜੀ" (ਪਤਾ ਨਹੀਂ ਕਿਉਂ ਸਾਲੇ ਨੁੰ ਇੱਜ਼ਤ ਦੇਣ ਨੂੰ ਦਿਲ ਕਰਦਾ) ਰਾਤ ਦਾਰੂ ਪੀ ਕੇ ਟੋੰਨ ਹੋ ਕੇ ਪੈਲਸ ਤੋਂ ਬਾਹਰ ਨਿੱਕਲ ਗਿਆ ਤੇ ਉਹਨੇ ਕਿਸੇ ਸ਼ੋਰੂਮ ਦੇ ਸ਼ਟਰ ਨੂੰ ਖੋਲਣ ਦੀ ਕੋਸ਼ਿਸ਼ ਕੀਤੀ| ਤੇ ਸ਼ੋਰੂਮ ਵਾਲਿਆਂ ਨੇ ਪੁਲਿਸ ਬੁਲਾ ਲਈ| ਪਹਿਲਾਂ ਤਾਂ ਉਹਨੇ ਪੁਲਿਸ ਨੂੰ ਦੱਸਿਆ ਕਿ ਮੈਂ ਦਾਰੂ ਪੀਤੀ ਵਿੱਚ ਪੈਲਸ ਦਾ ਰਾਹ ਭੁੱਲ ਗਿਆ ਤੇ ਠੰਡ ਤੋਂ ਬਚਣ ਲਈ ਸ਼ੋਰੂਮ ਵਿੱਚ ਆਓਣਾ ਚਾਹੁੰਦਾ ਸੀ ਪਰ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਇਕ ਪੂਰਾ ਗੈਂਗ ਹੈ ਜੋ ਪਹਿਲਾਂ ਪੈਲਸ 'ਚ ਜਾ ਕੇ ਖਾਂਦਾ ਪੀਂਦਾ ਹੈ ਅਤੇ ਫੇਰ ਚੋਰੀ ਕਰਦਾ ਹੈ| ਤੇ ਪੁਲਿਸ ਸਾਨੂੰ ਲੱਭਣ ਲਈ ਪੈਲਸ ਵਿੱਚ ਵੀ ਆਈ| ਕੇਵਲ ਨੇ ਸਾਨੂੰ ਫੋਨ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਾਨੂੰ ਜਿੰਦਾਂ ਲਾਸ਼ਾਂ ਦੇ ਢੇਰ ਨੂੰ ਫੋਨ ਵੱਜਣ ਦਾ ਪਤਾ ਹੀ ਨਹੀਂ ਲੱਗਿਆ|
ਪਕੌੜੇ ਨੇ ਅੱਗੇ ਦੱਸਿਆ ਕਿ ਪਤਾ ਨਹੀਂ ਫਿਰ ਕੇਵਲ ਦੇ ਦਿਮਾਗ ਵਿੱਚ ਕੀ ਚਾਨਣਾ ਹੋਇਆ ਕਿ ਉਸਨੇ ਡਰਦੇ ਡਰਦੇ ਬੁੱਗ ਦੇ ਪਾਪਾ ਨੂੰ ਫੋਨ ਕਰ ਲਿਆ; ਪਰ ਸਾਲਾ ਉਹਥੇ ਵੀ ਉਹਲਾ ਰੱਖ ਗਿਆ ਅਤੇ ਉਹਨਾ ਨੂੰ ਕਹਿੰਦਾ ਕੇ ਸਾਰੇ ਮੁੰਡੇ ਮੈਨੂੰ (ਸੋਫੀ ਨੂੰ) ਗੱਡੀ ਵਿੱਚੋਂ ਸੁੱਟ ਕੇ ਕਾਰ ਭਜਾ ਕੇ ਲੈ ਗਏ| ਇਹ ਤਾਂ ਭਲਾ ਹੋਵੇ ਬੁੱਗ ਦੇ ਬਾਪੂ ਦਾ ਜਿਹਨੇ ਪੁਲਿਸ ਵਾਲਿਆਂ ਨਾਲ ਆਪ ਗਲ ਕਰ ਕੇ ਉਹਨਾਂ ਨੂੰ ਯਕੀਨ ਦਵਾਇਆ ਕਿ ਇਹ ਚੋਰ ਨਹੀਂ ਹੈ| ਪਰ ਘਬਰਾ ਉਹ ਵੀ ਗਏ ਸੀ ਤੇ ਘਬਰਾ ਵੀ ਇਹਨਾ ਗਏ ਕਿ ਪੁਲਿਸ ਵਾਲਿਆਂ ਨੂੰ ਕਹਿੰਦੇ ਕਿ ਸਾਨੂੰ ਸ਼ੱਕ ਹੈ ਕਿ ਕੀਤੇ ਇਹਨੇ (ਕੇਵਲ ਨੇ) ਨਸ਼ੇ ਵਿੱਚ ਕਾਰ ਨੂੰ ਮੁੰਡਿਆਂ ਸਣੇ ਸਰਹੰਦ ਨਹਿਰ ਵਿੱਚ ਤਾਂ ਨਹੀਂ ਸੁੱਟ ਦਿੱਤਾ ਤੇ ਆਪ ਭੱਜ ਕੇ ਇੱਥੇ ਆ ਗਿਆ ਹੋਵੇ| ਉੱਪਰੋਂ ਪੁਲਿਸ ਵਾਲੇ ਵੀ ਡਿਉਟੀ ਦੇ ਐਨੇ ਪੱਕੇ ਕਿ ਕੇਵਲ ਦੇ ਲੱਖ ਸਮਝੌਣ ਤੇ ਕਿ ਕਾਰ ਪੈਲਸ ਦੇ ਵਿੱਚ ਹੈ ਤੇ ਚਾਬੀ ਉਸਦੇ ਕੋਲ, ਉਹ ਨਹਿਰ ਤੇ ਸਾਨੂੰ ਲੱਭਣ ਚਲੇ ਗਏ| ਤੇ ਜਦ ਅਸੀਂ ਉੱਥੇ ਨਾ ਮਿਲੇ ਤਾਂ ਬੁੱਗ ਦੇ ਘਰਦਿਆਂ ਦੇ ਜ਼ੋਰ ਪੌਣ ਤੇ ਪੁਲਿਸ ਵਾਲਿਆਂ ਨੇ ਕੇਵਲ ਨੂੰ ਲੁਧਿਆਣੇ ਦੀ ਕਿਸੇ ਬੱਸ ਵਿੱਚ ਚੜ੍ਹਾ ਦਿੱਤਾ (ਮਲੰਗ ਦੀ ਕਿਸਮਤ ਦੇਖੋ !!! ਐਨੀ ਰਾਤ ਨੂੰ ਓਹਦੇ ਲਈ ਬੱਸ ਵੀ ਚੱਲ ਪਈ)|
"ਮੈਂ ਹੁਣੇ ਕੇਵਲ ਨੂੰ ਫੋਨ ਕਰਦਾ" ਬੁੱਗ ਨੇ ਆਪਣੇ ਵੱਲੋਂ ਸਿਆਣੀ ਗੱਲ ਕੀਤੀ|
"ਸਾਲਿਓ ! ਜਦ ਫੋਨ ਕਰਨਾ ਸੀ ਉਹਦੋਂ ਤੁਸੀਂ ਮਰੇ ਪਏ ਸੀ, ਹੁਣ ਕੋਈ ਫਾਇਦਾ ਨਹੀਂ ਜਾਂ ਤਾਂ ਉਹਦਾ ਫੋਨ ਕੀਤੇ ਡਿੱਗ ਪਿਆ ਜਾਂ ਉਹਨੇ ਆਪ ਹੀ ਬੰਦ ਕਰ ਰੱਖਿਆ ਹੈ" ਪਕੌੜੇ ਨੇ ਦੱਸਿਆ|
"ਬੱਸ ਤੁਸੀਂ ਘਰ ਇੱਕ ਵਾਰ ਗੱਲ ਕਰਕੇ, ਗੱਡੀ ਲੈ ਕੇ ਆਜੋ" ਪੂਰੀ ਗੱਲ-ਬਾਤ ਵਿੱਚ ਪਕੌੜੇ ਦੀ ਸੱਭ ਤੋਂ ਬੇਤੁਕੀ ਗੱਲ ਸੀ| ਇਹ
ਅਸੀਂ ਪਕੌੜੇ ਨੂੰ ਤੇ ਫਿਰ ਬੁੱਗ ਦੇ ਘਰਦਿਆਂ ਨੂੰ ਕਾਰ ਦੀ ਚਾਬੀ ਕੇਵਲ ਕੋਲ ਹੋਣ ਬਾਰੇ ਦੱਸਿਆ ਅਤੇ ਆਪਣੀ ਗਲਤੀ ਵੀ ਮੰਨੀ|
ਬੁੱਗ ਆਪਣੀ ਟਾਈ ਨੂੰ ਖੋਲਦਾ ਹੋਇਆ, ਵਾਰ ਵਾਰ ਫੋਨ ਤੇ ਕਹਿ ਰਿਹਾ ਸੀ "ਪਾਪਾ! ਮੈਂ ਕਿ ਕਰਾਂ ??? ਤੁਸੀਂ ਹੀ ਕਿਹਾ ਸੀ ਕਿ ਸਾਡੇ ਨਲੈਕਾਂ 'ਤੇ ਤੁਹਾਨੂੰ ਯਕੀਨ ਨਹੀਂ ਤੇ ਸਾਡੇ ਨਾਲ ਕੋਈ ਸਿਆਣਾ ਬੰਦਾ ਹੋਣਾ ਚਾਹੀਦਾ"|
ਸਾਡਾ ਹਾਸਾ ਨਿੱਕਲ ਗਿਆ| ਰੱਬ ਦਾ ਭਾਣਾ ਮੰਨ ਕੇ ਅਸੀਂ ਹਰਨਿਹਾਲ ਦੀ ਗੱਡੀ ਲੈ ਕੇ ਪੈਲਸ 'ਚ ਪਹੁੰਚ ਗਏ|
ਪਰ ਸ਼ਾਇਦ ਰੱਬ ਨੇ ਸਾਡੇ ਕੰਨੀਂ ਹੱਥ ਲਵੌਣੇ ਸੀ ਅਜੇ......
ਗੱਡੀ ਵਿੱਚ ਸੈਂਟਰਲ ਲੌਕੀੰਗ ਹੋਣ ਕਰਕੇ, ਉਹਨੂੰ ਖੋਲਣ ਦਾ ਕੋਈ ਜੁਗਾੜ ਕੰਮ ਨਹੀਂ ਬਣਿਆ| ਆਖਰ ਕਾਰ ਅਸੀਂ ਸਵੇਰ ਦੇ ਪੰਜ ਵਜੇ ਇਕ ਨਕਲੀ ਚਾਬੀ ਬਣਾਓਣ ਵਾਲਾ ਲਭਿਆ| ਚਾਬੀ ਬੱਸ ਬਨਣ ਹੀ ਵਾਲੀ ਸੀ ਕਿ ਚਾਬੀ ਬਣਾਓਣ ਵਾਲੇ ਨੂੰ ਫੋਨ ਆਗਿਆ ਕਿ ਉਹਦੀ ਕੁੜੀ ਦੀ ਹਾਦਸੇ ਵਿੱਚ ਮੌਤ ਹੋਗੀ|
(ਤੁਸੀਂ ਸਾਡੀ ਹਾਲਤ ਦਾ ਅੰਦਾਜ਼ਾ ਨਹੀਂ ਲਾ ਸਕਦੇ......ਹਾਏ ਓਏ ! ਰੱਬਾ ਅੱਜ ਤਾਂ ਲੇਖੇ ਲੈ ਲਏ)
ਅਸੀਂ ਉਸ ਵਿਚਾਰੇ ਨੂੰ ਪੈਸੇ ਦੇ ਕੇ ਉਹਦੇ ਘਰ ਛੱਡ ਕੇ ਆਏ ਫਿਰ ਇੱਕ ਹੋਰ ਚਾਬੀ ਬਣੌਂਣ ਵਾਲਾ ਲੱਭ ਕੇ ਪੈਲਸ ਆ ਹੀ ਰਹੇ ਸੀ ਕਿ ਰਸਤੇ ਵਿੱਚ ਹਰਨਿਹਾਲ ਦੀ ਗੱਡੀ ਦੇ ਇੰਜਣ ਦੀ ਬੈਲਟ ਟੁੱਟ ਗਈ| ਸਾਡਾ ਰੋਣਾ ਨਿਕਲ ਜਾਣਾ ਸੀ ਪਰ ਹੌਸਲਾ ਕਰਕੇ ਉਹਨੂੰ ਠੀਕ ਕਰਵਾਇਆ ਤੇ ਨਾਲੇ ਚਾਬੀ ਬਣਵਾਈ|
ਰੱਬ ਦਾ ਧੰਨਵਾਦ ਕੀਤਾ ਤੇ ਅਸੀਂ ਪਟਿਆਲੇ ਤੋਂ ਲੁਧਿਆਣੇ ਨੂੰ ਚੱਲ ਪਏ ਰਸਤੇ ਵਿੱਚ ਗੱਡੀ ਵਿੱਚੋਂ ਕੋਈ ਗਲਤ ਜਿਹੀ ਆਵਾਜ਼ ਔਂਦੀ ਤਾਂ ਸਾਡੇ ਸਾਹ ਸੁੱਕ ਜਾਂਦੇ| ਅਸੀਂ ਸਾਰੇ ਰਾਹ ਇੱਕ ਦੁੱਜੇ ਨਾਲ ਕੋਈ ਗੱਲ ਨਾ ਕੀਤੀ ਸੱਭ ਦੀ ਹਾਲਤ ਮਾੜੀ ਸੀ ਪਰ ਮਿਨ੍ਹੇ (ਜਿਹਨੇ ਰਾਤ ਬਾਹਵਾ ਡਫੀ ਸੀ) ਕਰਕੇ ਸਾਨੂੰ ਰਾਹ ਵਿੱਚ ਕਈ ਵਾਰੀ ਰੁਕਣਾ ਪਿਆ (ਕਿਉਂ ????? ਸਾਰੀ ਰਾਤ ਰੱਜ ਕੇ ਪੀਣ ਤੋਂ ਬਾਦ ਜਦ ਸਵੇਰ ਦੇ 11 ਵਜੇ ਤੱਕ ਬੰਦਾ, ਧੱਕਿਆਂ ਤੋਂ ਬਿਨਾਂ, ਕੁੱਝ ਨਾ ਖਾਵੇ ਤਾਂ ਇਹ ਤਾਂ ਹੋਣਾ ਹੀ ਸੀ)|
ਮਿਨ੍ਨਾ ਗੱਡੀ ਦੀ ਪਿਛਲੀ ਤਾਕੀ ਨਾਲ ਹੱਥ ਲਾਈ ਕਾਰਵਾਈ ਕਰ ਕੇ ਹਟਿਆ ਹੀ ਸੀ ਕਿ ਸਾਨੂੰ ਮਿਨ੍ਨੇ ਦੇ ਗਾਲਾਂ ਕੱਢਣ ਦੀ ਆਵਾਜ਼ ਸੁਣਾਈ ਦਿੱਤੀ| ਅਸੀਂ ਭੱਜ ਕੇ ਗਏ ਕਿ ਪਤਾ ਨਹੀਂ ਹੁਣ ਕੀ ਹੋਗਿਆ ? ਜਾ ਕੇ ਜੋ ਮਿਨ੍ਨੇ ਨੇ ਜੋ ਦਿਖਾਇਆ ਉਹ ਦੇਖ ਕੇ ਗੁੱਸਾ ਵੀ ਆਵੇ ਤੇ ਹਾਸਾ ਵੀ; ਕਿਸੇ ਨੇ ਸਾਡੀ ਗੱਡੀ ਦੇ ਪਿਛਲੇ ਸ਼ੀਸ਼ੇ 'ਤੇ ਜੱਮੀ ਮਿੱਟੀ ਉੱਤੇ ਪੰਜਾਬੀ ਵਿੱਚ ਸੋਹਣਾ ਸੋਹਣਾ ਕਰਕੇ ਲਿਖਤਾ ਸੀ "ਕੇਵਲ ਦੀ ਗੱਡੀ"| ਚਿੱਤ ਤਾਂ ਕਰੇ ਇੱਟ ਮਾਰ ਕੇ ਸ਼ੀਸ਼ਾ ਭੰਨ ਦਵਾਂ| ਸਭ ਜਾਣਦੇ ਸੀ ਇਸ ਸ਼ਰਾਰਤ ਪਿੱਛੇ ਪੱਕਾ ਹਰਨਿਹਾਲ ਹੀ ਹੋਣਾ| ਕੋਸਾ ਜਿਹਾ ਹੌਂਕਾ ਭਰ ਕੇ ਅਸੀਂ ਤੁਰ ਪਏ|
ਅਸੀਂ ਸਿਧਾ ਹੋਸਟਲ ਆਏ ਤੇ ਓਥੋਂ ਸਲਾਹ ਕੀਤੀ ਕੀਤੀ ਕਿ ਇਸ ਮਨਹੂਸ ਗੱਡੀ ਨੂੰ ਪਹਿਲਾਂ ਘਰ ਛੱਡ ਕੇ ਔਣਾ ਅਸੀਂ ਇੰਦਰਦੀਪ (ਜੋ ਕਿ ਕਾਲਜ ਕਾਰ ਤੇ ਔਂਦਾ ਸੀ) ਨੂੰ ਨਾਲ ਲੈ ਕੇ ਕਾਰ ਛੱਡਣ ਤੁਰ ਪਏ| ਮੈਂ, ਬਾਜਵਾ ਤੇ ਕੰਗ, ਬੁੱਗ ਵਾਲੀ ਗੱਡੀ ਵਿੱਚ ਪਹਿਲਾਂ ਤੁਰ ਪਏ ਅਤੇ ਸਾਡੇ ਪਿੱਛੇ ਬੁੱਗ, ਇੰਦਰਦੀਪ ਅਤੇ ਅਨੂਪ, ਇੰਦਰਦੀਪ ਦੀ ਕਾਰ ਵਿੱਚ ਆ ਰਹੇ ਸੀ| ਕੰਗ ਨੇ ਯਾਦ ਕਰਵਾਇਆ ਕਿ ਅੱਜ ਤਾਂ 14 ਫਰਵਰੀ ਹੈ ਜਾਣੀ valentine's day| ਉਹਨੇ ਜ਼ੋਰ ਪਾਇਆ ਕਿ ਆਪਾਂ ਇਕ ਗੇੜਾ ਸਰਾਭਾ ਨਗਰ ਮਾਰਕੇਟ ਵਿੱਚ ਲਾ ਕੇ ਚਲਦੇ ਹਾਂ| ਵਿਚਾਰ ਬੁਰਾ ਨਹੀਂ ਸੀ, ਭਾਵੇਂ ਸਾਡੀ ਹਾਲਤ ਬਹੁਤ ਬੁਰੀ ਸੀ ਪਰ ਅੱਖਾਂ ਸੇਕਣੀਆਂ ਕਿਹਨੂੰ ਬੂਰੀਆਂ ਲਗਦੀਆਂ| ਅਸੀਂ ਅਜੇ ਗੇੜੀ ਰੂਟ ਵਿੱਚ ਵੜ੍ਹੇ ਹੀ ਸੀ ਕਿ ਗੱਡੀ ਦਾ ਅਗਲਾ ਸੱਜਾ ਟਾਇਰ ਪੈਂਚਰ ਹੋਗਿਆ| ਅਸੀਂ ਬਿਨਾ ਕੋਈ ਗੱਲ ਕੀਤੇ ਕੰਗ ਢਾਹ ਲਿਆ "ਸਾਲਿਆ ! ਸਿਧਾ ਘਰ ਜਾ ਰਹੇ ਸੀ ਤੇਰੇ ਕਰਕੇ ਇੱਕ ਹੋਰ ਸਿਆਪਾ ਸਹੇੜ ਲਿਆ"|
ਅਸੀਂ ਮਕੈਨਕਾਂ ਵਾਂਗ (ਕਿਉਂ ਕਿ ਸਾਡੀ ਹਾਲਤ ਬਹੁਤ ਖਰਾਬ ਸੀ) ਟਾਇਰ ਬਦਲ ਰਹੇ ਸੀ ਅਤੇ ਲੋਕ "ਲਾਲ ਲਾਲ" ਕਪੜੇ ਪਾ ਕੇ ਸਾਡੇ ਕੋਲੋਂ ਦੀ ਲੰਘ ਰਹੇ ਸੀ........... ਮੰਨੋਂ ਕਹਿ ਰਹੇ ਹੋਣ "Happy Valentine's Day......."
ਅਸੀਂ ਬੁੱਗ ਦੇ ਘਰ ਪਹੁੰਚੇ ਤਾਂ ਪਤਾ ਲੱਗਿਆ ਕਿ ਕੇਵਲ ਰਾਤ ਬੱਸ ਵਿੱਚ ਸੁੱਤਾ ਰਹਿ ਗਿਆ ਤੇ ਲੁਧਿਆਣੇ ਉਤਰਨ ਦੀ ਬਜਾਏ ਜਲੰਧਰ ਪਹੁੰਚ ਗਿਆ ਅਤੇ ਅਜੇ ਤੱਕ ਵਾਪਿਸ ਨਹੀਂ ਆਇਆ| ਬੁੱਗ ਦੇ ਘਰਦਿਆਂ ਨੇ ਪਹਿਲਾਂ ਬਹੁਤ ਸੁਣਾਈਆਂ ਫੇਰ ਬੁੱਗ ਦੇ ਪਾਪਾ (ਜੋ ਕਿ ਬਹੁਤ ਹੀ ਸ਼ੂਗਲੀ ਨੇ) ਨੇ ਸਹਿਨਤ ਮਾਰੀ "ਹਾਂ ਬਈ ! ਲੌਣੀ ਆ ਘੁੱਟ ?????"
ਅੰਕਲ ਦੀ ਗੱਲ ਸੁਣ ਕੇ............ ਕੰਗ ਅਜੇ ਕੁਰਸੀ ਤੇ ਅਗਾਂਹ ਨੂੰ ਹੋਇਆ ਹੀ ਸੀ ਕਿ ਰਸੋਈ ਵਿੱਚੋਂ ਆਵਾਜ਼ ਆਈ "ਜ਼ਹਿਰ ਦੇਦੋ ਜ਼ਹਿਰ ਭੋਰਾ ਇਹਨਾ ਨੂੰ" ਆਂਟੀ ਜੀ ਹੱਥ ਵਿੱਚ ਕੜਛੀ ਚੱਕੀ ਬਾਹਰ ਨੂੰ ਆ ਰਹੇ ਸੀ|
ਅਸੀਂ ਸਾਰੇ ਉਥੋਂ ਭੱਜੇ ਤੇ ਸਿਧਾ ਹੋਸਟਲ ਪਹੁੰਚੇ ਸਾਰੀ ਰਾਤ ਬੈਠੇ ਪੂਰੇ ਦਿਨ ਬਾਰੇ ਗੱਲਾਂ ਕਰੀ ਗਏ|
ਅੱਜ ਵੀ ਜਦ ਉਹ ਦਿਨ ਯਾਦ ਕਰਦਾਂ ਤਾਂ ਬੜਾ ਹਾਸਾ ਆਓਂਦਾ.......
ਵਸਦੇ ਰਹਿਣ ਮੇਰੇ ਮਿੱਤਰ ਪਿਆਰੇ !!!!!!!!!!
Bhaji tusi manni chahe na mainu inven lag reha jinven kise ne yaaran bare gal kiti hove te mere hijar chon rug bhar leya hove...
ReplyDeletesachi kehne ho bhaji bahut yaad aaunde han oh dost...oh din .....jina dina karke zindgi di raah bani..
God Bless you veerji
Thanks a lot Gursimran for your kind words...yes !! those were the real day which we spent with our friends.....So always cherish those moments.
ReplyDeletebaaki sada ta tenu pata he c.....jinna time college kaddia ik ik moment nu enjoy kita....
vadia likhia ricky................
ReplyDeleteThumbs Up...
ReplyDeleteAnother nicely written post...
:)
Narration boht kaim hunda tera...
gah pata jnaab.....eh tu hi lihya....
ReplyDeleteThanks Inderdeep, Saini and Pandher
ReplyDeleteHanji eh main he likhya.... :))
Thnx veer !! Refreshed college days !!
ReplyDeletehahahhaha salia kade mera naam theek v likh dia kar bugg bugg likh k sale bejati kare jana kise hor nu paroun joga v nahi sadda....chal vadhia gud one..
ReplyDeleteYaad taza karti bai aus din di... Ek hor ni bhulda.. gaddi de pechle mitti nal libre sishe vich "kebal" likhya si jisnu sare rah college murde hoye dekh ke kade hassa aunda si kade gussa....
ReplyDeleteGreat
@Harmander - Tere kaar-naame he aidan de ne k main jan k tera asli nam ne likhda.....baki j tu kahe ta agge to asli nam likhdu.......kyon tu ta harek kisse vich involve hona he aa.....
ReplyDelete@Harjap - yaar kaii chijan likhan lagge bhull jandian ne......te vaise v baut lengthy hunda ja reha c....main soch reha agge to likhan to pehlan tuhade saaryan nal ik vaar salah karlya kara....it will help in writing...