
...............ਆਹਾਤਾ..............
ਅਹਾਤੇ ਦੀ ਦਹਿਲੀਜ਼ ਤੇ ਖੜੇ ਨੂੰ
ਮਹਿਸੂਸ ਹੋ ਰਿਹਾ ਜਿਦਾਂ....
ਸਾਕਸ਼ਾਤ ਸ੍ਰਿਸ਼ਟੀ ਚਾਲਕ ਦੇ
ਦਰਸ਼ਣ ਹੋ ਰਹੇ ਹੋਣ
ਓਹੀ ਹੌਲੀ ਹੌਲੀ ਸਰੀਰ 'ਚੋਂ ਰਿਸਦੇ
ਦੁਖ, ਤਕਲੀਫਾਂ ਤੇ ਥੋੜ-ਦਿਲੀ
ਓਹੀ ਇੱਤਰ-ਬਲੇਲਾਂ
ਮੇਰਾ ਸਵਾਗਤ ਕਰ ਰਹੀਆਂ
ਬਾਹਰ ਆ ਰਿਹਾ ਰੌਲਾ
ਜਿਵੇਂ ਕੁੱਲ ਜਹਾਨ ਪੂਜਾ ਕਰ ਰਿਹਾ
ਮੈਂ ਅੰਦਰ ਵੜਿਆ
ਇੱਕ ਭਰਮ ਆ ਚੜਿਆ
ਜਿਓਂ ਰੱਬ ਹੀ ਮੇਰਾ
ਅੱਜ ਹੈ ਹਮ-ਪਿਆਲਾ
ਐਨੇ ਰੌਲੇ ਵਿੱਚ ਲੱਗੇ ਜਿਵੇਂ
ਮੰਗਤਿਆਂ ਵਾਂਗਰ ਇਹ ਦੁਨੀਆ
ਆਪਣੇ ਰਾਗਾਂ ਵਿੱਚ
ਹੈ ਭੀਖਿਆ ਮੰਗਦੀ
ਪਰ ਕਿਸੇ ਦੀ ਕੋਈ ਸਮਝ ਨਾ ਆਵੇ
ਫਿਰ ਕੁਝ ਪੀਤੀ ਤੇ ਸਿਰ ਘੁਮਾਇਆ
ਤੇ ਆਪਣੇ ਅੰਦਰ ਹੀ
ਰੱਬ ਨੂੰ ਪਾਇਆ
ਕਿ ਹੁਣ ਸਭ ਦੀ ਇਕ ਇਕ
ਗਲ ਮੈਂ ਸਮਝਾਂ
ਚੀਕਾਂ ਮਾਰਦੀ ਭੀੜ 'ਚੋਂ
ਚਾਹੇ ਕਿਸੇ ਕੱਲੇ ਦੀ ਗਲ ਸੁਣਲਾਂ
ਥੋੜੀ ਹੋਰ ਪੀਤੀ
ਤੇ ਵਧੇ ਰੱਬ ਜਿਹੇ ਲੱਛਣ
ਕਿ ਕਿਸੇ ਦੀ ਮੁਸੀਬਤ ਦਾ
ਮੇਰੇ ਕੋਲ ਕੋਈ ਵੀ ਹੱਲ ਨਾ
ਤੇ ਫਿਰ.....ਹੋਰ ਪੀਤੀ
ਬੱਸ ਫਿਰ ਤਾਂ ਰੱਬ ਹੀ ਬਣ ਗਿਆ
ਸਭ ਕੁਝ ਵੇਖਾਂ
ਸਭ ਕੁਝ ਸੁਣਦਾ
ਪਰ ਚਾਹ ਕੇ ਵੀ ਕੁੱਝ ਕਰ ਨਾ ਪਾਵਾਂ
ਬਸ ਸੁਣਦਾ ਜਾਵਾਂ
ਕੁਰਸੀ ਦੀ ਢੋਹ ਦੇ
ਪਿੱਛੇ ਨੂੰ ਧੌਣ ਸੁੱਟੀ ਪਿਆਂ
ਤੇ ਸਾਰੀ ਦੁਨੀਆ ਪੂਠੀ
ਸਾਰਾ ਜਹਾਨ ਉਲਟਾ-ਪੁਲਟਾ
ਇਹ ਤਾਂ ਉਹ ਦੁਨੀਆ ਨਹੀਂ
ਜੋ ਮੈਂ ਬਣਾਈ ਸੀ....
ਫਿਰ ਲੰਘੇ ਜਾਂਦੇ ਕਿਸੇ ਹੋਰ ਰੱਬ ਨੇ
ਕੂਹਣੀ ਮਾਰ ਕੇ ਹੋਸ਼ 'ਚ ਪਾਇਆ
ਸੋਚਿਆ ਵਿਚਾਰਿਆ
ਕਿ ਸੱਚੀਂ.....ਇਹ ਖੂਬੀਆਂ ਤਾਂ ਰੱਬ ਕੋਲ ਹੀ ਬਚੀਆਂ
ਉਹੀ ਹੈ ਜੋ ਘੱਟੋ-ਘੱਟ
ਸੁਣਦਾ ਤਾਂ ਹੈ
ਬਾਹਰ ਜੰਗਲ ਵਿੱਚ ਤਾਂ
ਕਿਸੇ ਕੋਲ ਵੀ ਕਿਸੇ ਦੀ ਗੱਲ ਸੁਨ੍ਣ ਦਾ
ਸਮਾਂ ਹੀ ਨਹੀਂ......
ਹੁਣ ਐਥੇ ਅੰਦਰ ਇਹ ਸਭ
ਗੰਦ ਪਾਓਂਦੇ, ਗੰਦ ਬਕਦੇ
ਮਨ ਨੂੰ ਕਿੰਨੇ ਭਾ ਰਹੇ ਨੇ
ਨਾ ਕੋਈ ਮੇਰੇ ਤੋਂ ਚੰਗਾ
ਨਾ ਕੋਈ ਮੇਰੇ ਤੋਂ ਬੁਰਾ
ਨਾ ਮੇਰੇ ਤੋਂ ਵੱਡਾ ਤੇ ਨਾ ਛੋਟਾ
ਪਰ ਫਿਰ ਬਾਹਰ ਇਹ ਮੈਨੂੰ
ਐਦਾਂ ਕਿਉਂ ਘੂਰਦੇ ਨੇ
ਜਿਵੇਂ ਮੈਂ ਆਦਮ ਜਾਤ ਨਾ ਹੋਵਾਂ
ਸੱਚ ਮੈਂ ਤਾਂ ਜਾਨਵਰ ਹਾਂ
ਤੇ ਮੈਂ ਵੀ ਤਾਂ ਬਾਹਰ ਇਹੀਓ ਕਰਦਾਂ
ਜੋ ਇਹ ਕਰਦੇ ਨੇ
ਲਗਦਾ ਰੱਬ ਦੀ ਬਣਾਈ
ਅਸਲੀ ਦੁਨੀਆ......
ਸਿਮਟ ਕੇ ਇਹਨਾਂ
ਟੀਨ ਦੀਆਂ ਚਾਦਰਾਂ
ਅੰਦਰ ਹੀ ਰਹਿ ਗਈ ਹੈ
-------ਜੀਵਨ........
No comments:
Post a Comment