Saturday, June 26, 2010

ਆਪਣੀ ਪਗਡੰਡੀ

ਜੋ ਰਸਤਾ ਚੁਣਿਆ ਦੁਨੀਆ ਨੇ, ਆਪਣੇ ਰੱਬ ਨੂੰ ਪਾਓਣ ਲਈ,
ਅਸੀਂ ਛੱਡ ਕੇ ਉਹਨਾਂ ਰਾਹਵਾਂ ਨੂੰ, ਆਪਣੀ ਪਗਡੰਡੀ ਪੈ ਚੱਲੇ|

ਓਏ ! ਬੰਦੇ ਬਣ ਕੇ ਆਏ ਸੀ, ਤੇ ਬੰਦੇ ਬਣ ਕੇ ਤੁਰ ਜਾਣਾ,
ਬੰਦੇ ਦੀ ਕਦਰ ਹੇ ਪਾ ਲਵੋ, ਇਹੀਓ ਸੱਭ ਨੂੰ ਕਹਿ ਚੱਲੇ|

ਕੁਝ ਰਾਹੀਂ ਪਾਓਂਦੇ ਪਾਓਂਦੇ, ਖੁੱਦ ਹੀ ਮੰਜ਼ਿਲ ਬਣ ਬੈਠੇ ਨੇ,
ਜਿਨ੍ਹਾਂ ਆਪਣਾ ਆਪ ਗਵਾ ਦਿੱਤਾ, ਉਹ ਕੱਖਾਂ ਦੇ ਵਿੱਚ ਰਹਿ ਚੱਲੇ|

ਜੋ ਜਾਨ ਦੀ ਬਾਜ਼ੀ ਲਾ ਗਏ, ਇਸ ਕੌਮ ਲਈ, ਇਹਨਾਂ ਲੋਕਾਂ ਲਈ,
ਉਹ ਮੁਸਕਰਾਓਂਦੇ ਪਏ ਨੇ, ਸੁੱਕੇ ਫੁੱਲਾਂ ਤੇ ਮਿੱਟੀ ਦੇ ਥੱਲੇ|

ਸੌਂਹ ਖਾ ਲਈ ਇਸ ਸਮਾਜ ਨੇ ਆਪਣੇ ਗੁਨਾਹ ਨਾ ਮੰਨਣ ਦੀ,
ਸੱਬ ਸੱਚੇ ਰੱਬ ਨੂੰ ਲੱਭਦੇ ਤੇ ਸੱਚੇ ਬੰਦੇ ਨੇ ਰਹਿ ਗਏ ਕੱਲੇ|

ਹਰ ਕੋਈ ਚੁੱਕੀ ਫਿਰਦੀ ਹੈ, ਪੰਡ ਵਾਦਿਆਂ, ਦਾਅਵਿਆਂ, ਲਾਰਿਆਂ ਦੀ,
ਸਮੇਂ ਦੀਆਂ ਮਾਰਾਂ ਝੱਲਦੇ, ਵਿਸ਼ਵਾਸਾਂ ਦੇ ਖੰਡਰ ਢਹਿ ਚੱਲੇ|

Thursday, June 24, 2010

ਕਮਲੀ

ਕਦੇ ਰੁੱਸ ਜਾਂਦੀ, ਕਦੇ ਮੰਨ ਜਾਂਦੀ ਤੇ ਕਦੇ ਆਪੇ ਹੀ ਗੱਲਾਂ ਕਰਦੀ ਏ|
ਕਦੇ ਸੋਚਾਂ ਕਮਲੀ ਝੱਲੀ ਉਹ, ਮੈਨੂੰ ਪਿਆਰ ਕਿਉਂ ਐਨਾ ਕਰਦੀ ਏ ?

ਕਦੇ ਆਪਣੇ ਬਾਰੇ ਖੁਸ਼-ਫਹਿਮੀ ਹੁੰਦੀ, ਕਿ ਰੱਬ ਨੇ ਗੁਣ ਐਨੇ ਦਿੱਤੇ ਨੇ|
ਫੇਰ ਇਹ ਸੋਚ ਅਸਮਾਨੋਂ ਡਿੱਗ ਪੈਂਦਾ, ਕਿ ਮੈਂ ਕਿੰਨੇ ਕੁ ਦਿਲ ਜਿੱਤੇ ਨੇ|
ਜਿਦਾ ਦਿਲ ਜਿੱਤਿਆ ਉਹ ਮੇਰੇ ਕਰਕੇ, ਸੌ-ਸੌ ਦੁਖੜੇ ਜਰਦੀ ਏ|
ਕਦੇ ਸੋਚਾਂ ਕਮਲੀ ਝੱਲੀ ਉਹ, ਮੈਨੂੰ ਪਿਆਰ ਕਿਉਂ ਐਨਾ ਕਰਦੀ ਏ ?

ਹਰ ਖੁਸ਼ੀ ਜੁੜੀ ਮੇਰੀ ਨਾਲ ਉਹਦੇ, ਫਿਰ ਵੀ ਉਸਨੂੰ ਰਵਾ ਦਿੰਦਾ ਹਾਂ|
ਸੋਹਣੀਆਂ ਅੱਖਾਂ ਦੀ ਫਿਰ ਫਿਕਰ ਹੁੰਦੀ, ਤਾਂ ਸੌਂਹ ਆਪਣੀ ਮੈਂ ਖਵਾ ਦਿੰਦਾ ਹਾਂ|
ਫਿਰ ਹੌਲੀ ਹੌਲੀ ਰੋਂਦੀ ਏ, ਪਰ ਸੌਂਹ ਮੇਰੀ ਖਾਣੋ ਡਰਦੀ ਏ|
ਕਦੇ ਸੋਚਾਂ ਕਮਲੀ ਝੱਲੀ ਉਹ, ਮੈਨੂੰ ਪਿਆਰ ਕਿਉਂ ਐਨਾ ਕਰਦੀ ਏ ?

ਕਦੇ ਕਹਿੰਦੀ ਤੇਰੇ ਤੋਂ ਬੁਰਾ ਨਾ ਕੋਈ, ਫਿਰ ਮੈਨੂੰ ਬੁਰੇ ਨੂੰ ਹੀ ਅਪ੍ਨਾ ਲੈਂਦੀ|
ਮੇਰੇ ਨਾਲ ਬਿਤਾਈ ਜ਼ਿੰਦਗੀ ਨੂੰ, ਇੱਕ ਸੋਹਣਾ ਜਿਹਾ ਸੁਪਨਾ ਕਹਿੰਦੀ|
ਬੱਚਿਆਂ ਵਾਂਗੂ ਦੂਰ ਜਾਣ ਤੋਂ, ਹਰ ਪਲ ਰਹਿੰਦੀ ਡਰਦੀ ਹੈ|
ਕਦੇ ਸੋਚਾਂ ਕਮਲੀ ਝੱਲੀ ਉਹ, ਮੈਨੂੰ ਪਿਆਰ ਕਿਉਂ ਐਨਾ ਕਰਦੀ ਏ ?

ਪਿਆਰ ਉਹਨੂੰ ਮੈਂ ਨਹੀਂ ਕਰਦਾ, ਉਹ ਇਲਜ਼ਾਮ ਇਹ ਲਾਓਂਦੀ ਰਹਿੰਦੀ ਹੈ|
ਪਹਿਲਾਂ ਰੱਜ ਕੇ ਗੁੱਸਾ ਕੱਢ ਲੈਂਦੀ, ਫਿਰ ਬੇ-ਸ਼ਰਮ ਮੈਨੂੰ ਹੀ ਕਹਿੰਦੀ ਹੈ|
ਪਰ ਜਾਣਦਾ ਹਾਂ, ਨਹੀਂ ਕਰਦਾ ਕੋਈ ਜਿਨ੍ਹਾਂ ਮੇਰਾ ਉਹ ਕਰਦੀ ਏ|
ਕਦੇ ਸੋਚਾਂ ਕਮਲੀ ਝੱਲੀ ਉਹ, ਮੈਨੂੰ ਪਿਆਰ ਕਿਉਂ ਐਨਾ ਕਰਦੀ ਏ ?

ਨਿੱਤ ਨਵਾਂ ਨਾਮ ਮੇਰਾ ਰੱਖ ਦਿੰਦੀ, ਫਿਰ ਖੁੱਲ ਕੇ ਉਸਤੇ ਹੱਸਦੀ ਏ|
ਸੂਰਜ ਕਦ ਚੜਿਆ ਤੇ ਕਦ ਡੁੱਬਿਆ, ਇੱਕ ਇੱਕ ਗੱਲ ਮੈਨੂੰ ਦੱਸਦੀ ਏ|
ਮੈਨੂੰ ਵੀ ਲੱਗਦਾ ਕੌਣ ਬਿਨ ਮੇਰੇ ਦਿਲ ਉਹਦੇ ਦਾ ਦਰਦੀ ਏ|
ਕਦੇ ਸੋਚਾਂ ਕਮਲੀ ਝੱਲੀ ਉਹ, ਮੈਨੂੰ ਪਿਆਰ ਕਿਉਂ ਐਨਾ ਕਰਦੀ ਏ ?

ਕਿੰਨੇ ਵਰ੍ਹੇ ਬੀਤ ਗਏ ਕੱਠੇਆਂ ਨੂੰ, ਕਾਸ਼ ਉਮਰ ਵੀ ਐਦਾਂ ਲੰਘ ਜਾਵੇ|
ਉਹਦੀ ਰੂਹ ਦਾ ਹਸਦਾ ਰੰਗ ਹੁਣ ਮੇਰੀ ਜ਼ਿੰਦਗੀ ਨੂੰ ਵੀ ਰੰਗ ਜਾਵੇ|
ਕੀ ਪਾਓਣਾ ਸ਼ਗਨਾ ਵਾਲੇ ਦਿਨ, ਨਿੱਤ ਬੈਠ ਸਲਾਹਾਂ ਕਰਦੀ ਏ|
ਕਦੇ ਸੋਚਾਂ ਕਮਲੀ ਝੱਲੀ ਉਹ, ਮੈਨੂੰ ਪਿਆਰ ਕਿਉਂ ਐਨਾ ਕਰਦੀ ਏ ?

Thursday, June 17, 2010

ਅੱਜ ਮੇਰੀ ਤਨਖਾਹ ਵਧਣੀ ਏ....

ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਇਕ-ਇਕ ਘੰਟਾ ਚੱਬ ਚੱਬ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਜੋ ਵੀ ਮਿਲਦਾ ਹੱਥ ਮਿਲਾਵੇ
ਵਧਾਈ ਜਿਹੀ ਦੇ ਕੇ ਖਾਰ ਜਿਹੀ ਖਾਵੇ
ਔਖਾ ਜਿਹਾ ਲੱਗੇ ਜਿਓਂ ਕੁੱਤੇ ਵੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਸਾਬ੍ਹ ਮਿਲੇ, ਅਸੀਂ ਅੱਖਾਂ ਚਮਕਾਈਆਂ
ਦਿਲ ਦੇ ਅਰਮਾਨਾਂ ਦੁਹਾਈਆਂ ਪਾਈਆਂ
ਓਹ! ਕਿਉਂ ਜਵਾਈ ਨੂੰ ਆਪਣੇ, ਸੁੱਕਣੇ ਪਾ ਛੱਡਿਆ ?
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਸਾਲ ਨਾ ਜਿਨ੍ਹਾ, ਕਦੇ ਪੂੰਛ ਫੜਾਈ
ਪੁੱਛਦੇ "ਸਰ! ਕੋਈ ਖਬਰ ਨਹੀਂ ਆਈ ?"
ਝੂਠੇ ਹਾਸੇ ਵੀ ਸਾਥ ਹੁਣ ਛੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਸਾਬ੍ਹ ਦੇ ਪਿੰਡੇ ਦਾ X-Ray ਹੋਈ ਜਾਵੇ
ਸਾਡੀ ਚਿੱਠੀ ਕੀਤੇ ਨਜ਼ਰੀਂ ਨਾ ਆਵੇ
ਸਾਰਾ ਦਿਨ ਨਾ ਦਿਲ ਕੰਮ'ਚ ਲੱਗਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਘੜੀ ਤੇ ਸੱਤਵਾਂ ਘੰਟਾ ਵੱਜਿਆ
ਸਾਬ੍ਹ ਨੇ ਸਾਨੂੰ ਕੇਬਿਨ ਸੱਦਿਆ
ਚਿੱਠੀ ਪੜ੍ਹੀ ਤੇ ਕਰੰਟ ਜਿਹਾ ਲੱਗਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਡਾਢਾ ਅਮਰੀਕਾ ਖਸਮਾ ਨੂੰ ਖਾਵੇ
ਮੰਦੀ ਓਥੇ, ਡਾਂਗ ਸਾਡੇ ਫਿਰੀ ਜਾਵੇ
"ਹੌਸਲਾ ਰੱਖੋ" ਪ੍ਰਵਚਨ ਸਾਬ੍ਹ ਨੇ ਕੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਕਾਹਦੇ ਇੰਜੀਨੀਅਰ ਬਣਾਏ ਓਹ ਰੱਬਾ
ਸਾਹਮਣੇ ਰੱਖਤਾ ਗੂੰਗਾ ਡੱਬਾ
ਇਹੀ ਬਣਨਾ, ਤੱਤ ਇਹ ਕੱਡਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ
ਸਾਲ ਬੜਾ ਹੀ ਸਬਰ ਨਾਲ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

ਇਕ-ਇਕ ਘੰਟਾ ਚੱਬ ਚੱਬ ਕੱਢਿਆ
ਕਿ ਅੱਜ ਮੇਰੀ ਤਨਖਾਹ ਵਧਣੀ ਏ

- ਦੁਖੀ ਹਿਰਦੇ....."ਜੀਵਨ ਪਾਲ ਅਤੇ ਸਮੂਹ ਸਾਥੀ"

Wednesday, June 16, 2010

GNE ਦੇ ਕੁਝ ਖਾਸ ਕਿੱਸੇ (ਭਾਗ-1)

ਇਹ ਗੱਲ ਸ਼ਾਇਦ ਸੱਤਵੇਂ ਸਮੇਸਟਰ ਦੀ ਹੈ, ਅਸੀਂ ਅੱਜ ਫੇਰ 2 ਲੈਕਚਰ ਲਾ ਕੇ ਹੱਥ ਖੜੇ ਕਰਤੇ| ਬੜਾ ਔਖਾ ਲਗਦਾ ਸੀ ਲਗਾਤਾਰ ਦੋ ਘੰਟੇ ਬੋਰ ਹੋਣਾ, ਓਹ ਵੀ ਓਦੋਂ, ਜਦ ਪਤਾ ਹੋਵੇ ਕਿ ਅੱਜ ਜੂਨੀਅਰ ਕਲਾਸਾਂ ਦਾ ਨਤੀਜਾ ਆਓਣਾ ਹੈ| ਮੈਂ ਤੇ ਪੰਧੇਰ ਰੋਜ਼ ਦੀ ਤਰਾਂ ਟੱਕ-ਸ਼ਾਪ ਤੇ ਖੜੇ ਕਾਲਜ ਦੇ ਬਦਲੇ ਮਹੌਲ ਨੂੰ ਗੌਰ ਨਾਲ ਦੇਖ ਰਹੇ ਸੀ| ਮਾਹੌਲ ਅੱਖਾਂ ਨੂੰ ਬੜਾ ਜੱਚ ਰਿਹਾ ਸੀ| ਮੈਂ ਦੂਰ ਨਿਗ੍ਹਾ ਮਾਰੀ ਤਾਂ ਮਿਨ੍ਹਾ ਆਪਣੇ ਚੇਤਕ ਸਕੂਟਰ ਤੇ ਆਓਂਦਾ ਦਿਸਿਆ| ਓਹ ਸਿਵਿਲ 'ਚ ਸੀ, ਤੇ ਓਹਨਾਂ ਦਾ ਪਹਿਲਾਂ ਤੋਂ ਹੀ ਲੇਕਚਰਾਂ ਨਾਲ ਇੱਟ ਕੁੱਤੇ ਦਾ ਵੈਰ ਸੀ (ਵੈਸੇ ਸਿਵਿਲ 'ਚ ਇੱਕ ਸਾਡਾ ਯਾਰ ਕੁੱਤਾ ਵੀ ਸੀ, ਓਹਦੇ ਵਾਰੇ ਵੀ ਅੱਗੇ ਦੱਸਦਾਂ)|
ਮਿਨ੍ਹੇ ਨੇ ਆਓਂਦੇ ਹੀ ਪੰਜਾਹ ਦੇ ਨੋਟ ਦੀ ਵਗਾਰ ਮਾਰੀ| ਪੰਧੇਰ ਕੋਲ ਬੱਸ ਦੇ ਕਿਰਾਏ ਜੋਗੇ ਪੈਸੇ ਸੀ ਤੇ ਜਦ ਮੈਂ ਆਪਣੀਆਂ ਜੇਬਾਂ ਫੋਲੀਆਂ ਤਾਂ 100 ਦਾ ਨੋਟ ਲੱਭ ਗਿਆ| ਮੈਨੂੰ ਪਤਾ ਸੀ ਇਹਨੀ ਗਰਮੀ 'ਚ ਮਿਨ੍ਹੇ ਨੇ ਪੰਜਾਹ ਰੁਪੇ ਕੀ ਕਰਨੇ ਆ| ਅਸਲ ਵਿੱਚ ਓਦੋਂ ਬੀਅਰ ਸਸਤੀ ਹੋਈ ਸੀ; 45 ਰੁਪੇ ਦੀ ਬੋਤਲ ਤੇ 5 ਰੁਪੇ ਦਾ ਪੀਨੇਟ ਮਸਾਲਾ| ਸਮਝ ਪੰਧੇਰ ਵੀ ਗਿਆ ਸੀ ਤੇ ਅੱਖਾਂ ਚ ਚਮਕ ਮੇਰੇ ਵੀ ਆ ਗਈ ਸੀ, ਪਰ ਰੌਲਾ ਇਹ ਸੀ ਕਿ ਨੋਟ ਇਕੋ ਸੀ|ਅਸੀਂ ਤਿੰਨੋਂ ਉਹਦੇ ਸਕੂਟਰ ਤੇ ਬੈਠ ਕੇ ਨਤੀਜੇ ਵਾਲੇ ਬੋਰਡ ਵੱਲ ਨੂੰ ਚੱਲ ਪਏ (ਮੈਂ ਪਹਿਲਾਂ ਦਸਿਆ ਸੀ ਕਿ ਅੱਜ ਜੂਨੀਅਰ ਕਲਾਸਾਂ ਦਾ ਨਤੀਜਾ ਆਓਣਾ ਹੈ ਤੇ ਸਾਡੇ ਨਾਲ ਦੇ ਸਾਰੇ ਭੂੰਡ ਉੱਥੇ ਹੀ ਪਾਏ ਜਾਂਦੇ ਸੀ, ਅਸਲ ਵਿੱਚ ਉਹ ਪਹਿਲਾਂ ਆਪ ਹੀ ਭੀੜ ਕਰਕੇ ਤੇ ਫਿਰ ਜੂਨੀਅਰ ਕੁੜੀਆਂ ਦੀ ਨਤੀਜਾ ਦੇਖਣ 'ਚ ਮਦਦ ਕਰਦੇ ਸੀ| ਕਿਉਂ ???? ਹਾ ਹਾ ਹਾ|
ਚਲੋ ਛੱਡੋ......ਅਸੀਂ ਤਿੰਨੋਂ ਉੱਥੇ ਕਿਸੇ ਤੋਂ ਪੈਸੇ ਮੰਗਣਂ ਆਏ ਸੀ|ਸੱਭ ਤੋਂ ਪਹਿਲੀ ਨਿਗ੍ਹਾ ਕੁੱਤੇ (ਸਾਡਾ ਯਾਰ) ਤੇ ਪਈ| ਸਾਲਾ ਸਾਨੂੰ ਦੇਖਦਾ ਹੀ ਸਮਝ ਗਿਆ ਵੀ ਪ੍ਰੋਗਰਾਮ ਬਣ ਰਿਹਾ ਹੈ| ਆਓਂਦਾ ਹੀ ਕਹਿੰਦਾ "ਪੈਸੇ ਤਾਂ ਹੈ ਨਹੀਂ, ਪਰ ਪੀਣੀ ਹੁਣੇ ਹੀ ਹੈ....." ਅਸੀਂ ਵੀ ਚੁੱਪ ਕਰਗੇ| ਫੇਰ ਅਸੀਂ ਚਾਰੋਂ ਜਾਣੇ ਕਿਸੇ ਹੋਰ ਨੂੰ ਲੱਭਣ ਲੱਗੇ| "ਓਏ ! ਓ ਦੇਖ ਬੁੱਗ ਆਓਂਦਾ" ਕੁੱਤੇ ਨੇ ਕਿਹਾ| ਉਹਨੇ ਬਿਨ੍ਹਾ ਗੱਲ ਕੀਤੇ ਬੁੱਗ ਦੀ ਢਲਕੀ ਜੀਨ ਦੀ ਪਿਛਲੀ ਜੇਬ 'ਚ ਹੱਥ ਪਾ ਕੇ ਉਹਦਾ ਬਟੂਆ ਕੱਢ ਲਿਆ| ਵਿੱਚੋਂ ਨਿੱਕਲੇ 3 ਸੌ ਰੁਪੇ, ਤੇ ਸਾਨੂੰ ਚੜ ਗਿਆ ਚਾਅ| ਅਸੀਂ ਬੋਤਲ ਨੂੰ ਰੋਂਦੇ ਸੀ ਤੇ ਐਥੇ ਪੇਟੀ ਦਾ ਜੁਗਾੜ ਹੋਗਿਆ ਸੀ|

ਸਾਡੇ ਕੋਆਰੀਡੋਰ (ਜਿਸ ਨੂੰ ਸਾਰਾ ਹੋਸਟਲ "Kalann"ਗੜ੍ਹ ਕਹਿੰਦਾ ਸੀ) ਵਿੱਚ ਦੁਪੈਹਰ ਦੇ ਡੇੜ ਵਜੇ ਬੀਅਰ ਦੀ ਪੇਟੀ ਆ ਗਈ ਸੀ| ਪੇਟੀ ਤਾਂ ਆ ਗਈ, ਪਰ ਹੁਣ ਵੱਡੇ ਸ਼ਾਹੂਕਾਰਾਂ ਦਾ ਮੂੰਗਫਲੀ (ਪੀਨੇਟ ਮਸਲੇ) ਨਾਲ ਪੀਣ ਦਾ ਮੂਡ ਨਹੀਂ ਸੀ| ਪੇਟੀ ਹੋਸਟਲ 'ਚ ਆ ਜਾਣ ਕਰਕੇ ਪੀਣ ਵਾਲਿਆਂ ਦਾ ਵੀ ਜਮਾਵੜਾ ਹੋ ਗਿਆ| ਬਹਾਨੇ ਨਾਲ ਪੈਸੇ ਵੀ ਹੋਰ ਕੱਠੇ ਹੋਗੇ ਅਤੇ ਮੇਰੀ ਤੇ ਬੁੱਗ ਦੀ ਡਿਓਟੀ ਲੱਗੀ ਖਾਣ ਦਾ ਸਮਾਨ ਲੈ ਕੇ ਆਓਣ ਦੀ| ਅਸੀਂ ਬੁੱਗ ਦਾ ਸਕੂਟੇਰ (ਜਿਸ ਨੂੰ ਅਸੀਂ "Hummer" ਕਹਿੰਦੇ ਸੀ) ਲੈ ਕੇ ਨਮਕੀਨ, ਚਿਕਨ ਅਤੇ ਰਾਇਤਾ ਵਗੈਰਾ ਲੈਣ ਚਲੇ ਗਏ| ਵਾਪਿਸ ਆਓਣ ਤੇ ਪਤਾ ਲੱਗਿਆ ਕਿ ਸਾਲੇ ਬੇ-ਸਬਰੇ, ਸਾਡੇ ਦੋਹਾਂ ਲਈ ਇੱਕ ਬੋਤਲ ਛੱਡ ਕੇ ਬਾਕੀ ਸਾਰੀ ਪੇਟੀ ਡਫ ਗਏ|

ਬੜਾ ਗੁੱਸਾ ਆਇਆ, ਪਰ ਕਰ ਕੁਝ ਨਹੀਂ ਸਕਦੇ ਸੀ| ਹੁਣ ਪੰਗਾ ਇਹ ਸੀ ਕਿ ਖਾਣ ਦੇ ਸਮਾਨ ਦਾ ਕਿ ਕਰੀਏ......ਸ੍ਲਾਹ ਕੀਤੀ ਗਈ.....ਫੇਰ ਪੈਸੇ ਕੱਠੇ ਕੀਤੇ ਗਏ......ਤੇ ਇੱਕ ਹੋਰ ਪੇਟੀ ਪੇਸ਼ ਹੋ ਗਈ| ਕਰਦੇ-ਕਰੌਂਦੇ....... 4 ਪੇਟੀਆਂ ਅਤੇ 3 ਵਿਸਕੀ ਦੀਆਂ ਬੋਤਲਾਂ ਲੱਗ ਗਈਆਂ| ਇੱਕ ਗਰਾਰੀ ਹੋਰ ਫਸੀ ਸੀ......ਜਿਸ ਕਰਕੇ ਇਹ ਜਸ਼ਨ "ਤੜਕਾ ਪਾਰ੍ਟੀ" ਦੇ ਨਾਮ ਨਾਲ ਮਸ਼ਹੂਰ ਹੋਇਆ ਸੀ| ਤੇ ਓਹ ਗਰਾਰੀ "ਬੀਮਾਰੀ" (ਇਹ ਵੀ ਸਾਡੇ ਨਾਲ ਦੇ ਇਕ ਢਿੱਢਲ ਦਾ ਹੀ ਨਾਮ ਸੀ) ਨੇ ਫਸਾਈ ਸੀ.....ਗਰਾਰੀ ਇਹ ਸੀ ਕਿ ਵਿਸਕੀ ਪਾਣੀ ਜਾਂ ਸੋਡੇ ਨਾਲ ਨਹੀਂ ਪੀਣੀ..... ਬੀਅਰ ਨਾਲ ਪੀਣੀ ਹੈ (ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ "ਬੀਮਾਰੀ" ਕਿੱਥੋਂ ਦਾ ਸੀ......ਹਾਂਜੀ ! ਤੁਸੀਂ ਠੀਕ ਸਮਝੇ "ਬਠਿੰਡਾ")

ਮਦੀਰਾ ਦਾ ਇਹਨਾ ਸੇਵਨ ਕਰਨ ਤੋਂ ਬਾਦ ਪੂਰਾ ਕੋਆਰੀਡੋਰ ਜਿਵੇਂ ਨਸ਼ਿਆ ਜਿਹਾ ਗਇਆ ਸੀ| ਇਹ ਦੌਰ ਰਾਤ ਦੇ 9 ਵਜੇ ਤਕ ਚੱਲਿਆ, ਓਸ ਤੋਂ ਬਾਅਦ ਜਿਹੜੇ ਇੱਕ-ਦੋ ਹੋਸ਼ 'ਚ ਸੀ ਓਹ ਆਪਣੇ ਕਮਰਿਆਂ 'ਚ ਚਲੇ ਗਏ ਬਾਕੀ ਮੇਰੇ ਵਰਗੇ ਥ੍ਹਮਲਿਆਂ ਨਾਲ ਢੋ ਲਾਕੇ ਫਰਸ਼ ਤੇ ਬੈਠੇ ਸੀ| ਇੱਕ ਕੋਨੇ ਤੇ ਗੁਰੀ ਐਦਾਂ ਹੀ ਬੈਠਾ ਸੀ, ਇਕ ਕੱਛ 'ਚ ਬੀਅਰ ਦੀ ਬੋਤਲ ਸੀ (ਜਿਸਦੇ ਮੂੰਹ ਤੇ ਉਸਨੇ ਹੱਥ ਰਖਿਆ ਹੋਇਆ ਸੀ) ਤੇ ਦੂਜੀ ਕੱਛ 'ਚ ਨਮਕੀਨ ਦਾਲ ਦਾ ਲਿਫਾਫਾ| ਗਿੱਲ ਨੇ ਓਹਨੂੰ ਉੱਠਣ ਨੂੰ ਕਿਹਾ ਤਾਂ ਓਹਨੇ ਮਨ੍ਹਾ ਕਰਤਾ| ਫਿਰ ਗਿੱਲ ਨੇ ਓਹਨੂੰ ਬੋਤਲ ਦੇ ਮੂੰਹ ਤੇ ਹੱਥ ਰੱਖਣ ਦਾ ਕਾਰਨ ਪੁੱਛਿਆ ਤਾਂ ਜਨਾਬ ਨੇ ਅੱਖਾਂ ਦੀਆਂ ਪਲਕਾਂ ਨੂੰ ਜ਼ੋਰ ਲਾ ਕੇ ਚੱਕਿਆ ਤੇ ਕਿਹਾ "ਜੇ ਹੱਥ ਚੱਕ ਲਿਆ, ਤਾਂ ਗੈਸ ਨਿੱਕਲ ਜਾਣੀ ਆ| ਤੇ ਮੈਂ ਇਹਨੂੰ ਹੁਣ ਪੀ ਕੇ ਹੀ ਉੱਠਣਾ"....ਇਹ ਸੀ ਜਜ਼ਬਾ....|

ਮੈਨੂੰ ਸੱਭ ਕੁਝ ਸੁਣਾਈ ਦੇ ਰਿਹਾ ਸੀ ਪਰ ਸ਼ਰੀਰ ਦੀਆਂ ਸਾਰੀਆਂ ਮਾਸ-ਪੇਸ਼ੀਆਂ ਮੇਰੇ ਵੱਸ ਤੋਂ ਬਾਹਰ ਸੀ| ਸੱਭ ਤੋਂ ਪਿਹਲਾਂ ਜੀਭ ਨੇ ਸਾਥ ਛੱਡਿਆ, ਫੇਰ ਲੱਤਾਂ ਨੇ ਤੇ ਫੇਰ ਸਾਰੇ ਸ਼ਰੀਰ ਨੇ| ਤਰਾਂ ਤਰਾਂ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਸੀ ਜਿਵੇਂ ਕਿ:
- ਕਿਸੇ ਦੇ ਅੜਕ ਕੇ ਡਿੱਗਣ ਦੀ ਆਵਾਜ.....ਇਹ ਕਾਫੀ ਜ਼ੋਰ ਨਾਲ ਆਈ ਸੀ| ਇਹ ਪੱਕਾ ਗਿੱਲ ਸੀ; ਛੇ ਫੁੱਟ ਤਿੰਨ ਇੰਚ ਦਾ ਬੰਦਾ ਜਦ ਮੂਦੇ ਮੂੰਹ ਫਰਸ਼ ਤੇ ਡਿਗਦਾ ਹੈ ਤਾਂ ਕੁਝ ਐਦਾਂ ਦੀ ਹੀ ਆਵਾਜ ਆਓਂਦੀ ਹੈ|
- ਕਿਸੇ ਦੇ ਫੋਨ ਤੇ ਗੱਲ ਕਰਨ ਦੀ.....ਇਹ ਸ਼ਾਇਦ ਗੁਰੀ ਸੀ....ਇਹਨੇ ਪਿਆਰ ਨਾਲ ਓਹ ਹੀ ਆਪਣੀ ਕੁੱਝ ਲੱਗਦੀ ਨੂੰ ਬਲਾਓਂਦਾ ਸੀ| ਵੈਸੇ ਬੀਮਾਰੀ ਵੀ ਹੋ ਸਕਦਾ ਸੀ ਪਰ ਓਹਦੀ ਹਿੱਮਤ ਨਹੀਂ ਸੀ ਸਾਡੇ ਸਾਹਮਣੇ ਫੋਨ ਕਰਨ ਦੀ| ਕਿਓਂ ??? ਓਹ ਇਸ ਲਈ ਕਿ ਜਿੰਨੀ ਮਰਜ਼ੀ ਪੀਤੀ ਹੋਵੇ.....ਗਾਲਾਂ ਅਸੀਂ ਸਾਰੇ ਫੇਰ ਵੀ ਸਾਫ-ਸਾਫ ਕੱਢ ਲੈਂਦੇ ਸੀ|
- ਕਿਸੇ ਦੇ ਇਹ ਕਹਿਣ ਦੀ ਆਵਾਜ ਕਿ "ਓਏ ਕੋਈ ਮਾਣਕ ਦਾ ਗਾਣਾ ਲਾ ਦੇਓ".....ਇਹ ਪੱਕਾ "ਚਾਚਾ" ਸੀ......ਸਾਲਾ ਵੱਡਾ ਡੀ. ਜੇ.| ਮੈਨੂੰ ਪਏ ਪਏ ਨੂੰ ਚਾਚੇ ਦੇ ਪੈਰ ਯਾਦ ਆ ਗਏ (ਬੜੇ ਅਜੀਬ ਸੀ....ਚਾਚਾ ਆਪਣੇ ਪੈਰਾਂ ਨਾਲ ਤਾੜੀ ਵੀ ਮਾਰ ਲੈਂਦਾ ਸੀ)....ਮੇਰਾ ਹਾਸਾ ਨਿੱਕਲ ਗਿਆ|
- ਕਿਸੇ ਦੇ ਹੱਸਣ ਦੀ ਆਵਾਜ.....ਇਹ ਪੱਕੇ ਸੋਫੀ ਸੀ.....ਸਾਲੇ ਬੈਠੇ ਬੈਠੇ ਸਾਡਾ ਸਾਰਾ ਖਾਣ ਵਾਲਾ ਮਾਲ ਛਕ ਜਾਂਦੇ ਸੀ.....ਪਰ ਕੋਈ ਗੁੱਸਾ ਨਹੀਂ ਸੀ ਆਓਂਦਾ....ਕਿਓਂ ਕਿ ਪੈਸੇ ਅਸੀਂ ਓਹਨਾਂ ਤੋਂ ਵੀ ਕੱਠੇ ਕਰਦੇ ਸੀ|
- ਕਿਸੇ ਦੇ ਰੋਣ ਦੀ ਆਵਾਜ.....ਐਡੀ ਸੜੀ ਹੋਈ ਆਵਾਜ......ਇਹ ਬੁੱਗ ਹੀ ਹੋ ਸਕਦਾ ਸੀ.......ਬੈਠੇ ਬੈਠੇ ਨੂੰ ਕਾਲਜ ਖਤਮ ਹੋਣ ਦਾ ਵਯੋਗ ਹੋ ਗਿਆ| ਸਾਲੇ ਦੀਆਂ ਭੁੱਭਾਂ ਨਿੱਕਲੀ ਜਾਂਦੀਆਂ ਸੀ....."ਓਏ! ਮੇਰਾ ਥੋਡੇ ਬਿਨਾਂ ਨਹੀਂ ਸਰਨਾ"......ਇਹਨੇ ਨੂੰ ਇੱਕ ਹੋਰ ਲੇਰ ਸੁਣਾਈ ਦਿੱਤੀ......"ਓਏ! ਸਾਡਾ ਕਿਹ੍ੜਾ ਸਰਨਾ..ਬੁੱਗ".....ਇਹ ਚਾਚਾ ਸੀ| ਮੈਂ ਪੂਰਾ ਜ਼ੋਰ ਲਾ ਕੇ ਆਪਣੀ ਗਰਦਨ ਘੁਮਾਈ......ਧਿਆਨ ਨਾਲ ਦੇਖਿਆ....ਮਿਨ੍ਹਾ ਆਪਣੇ ਫੋਨ ਵਿੱਚ ਬੁੱਗ ਤੇ ਚਾਚੇ ਦੇ ਰੋਣੇ ਨੂੰ ਰੇਕਾਰ੍ਡ ਕਰ ਰਿਹਾ ਸੀ| (ਜੋ ਕਿ ਬਾਦ ਵਿਚ ਸਵੇਰੇ ਵੱਡੇ ਸਪੀਕਰਾਂ 'ਤੇ ਚਲਾਇਆ ਗਇਆ ਸੀ)

ਪਰ ਮਾਹੌਲ ਬਦਲ ਗਿਆ ਸੀ......ਸੱਭ ਨੂੰ ਕਾਲਜ ਖਤਮ ਹੋਣ ਦਾ ਸਦਮਾ ਜਿਹਾ ਲਗ ਗਿਆ ਸੀ | ਪਕਾ ਨਹੀਂ ਪਤਾ ਪਰ ਸ਼ਾਇਦ ਸੱਭ ਰੋ ਰਹੇ ਸੀ| ਫੇਰ ਸਮਾ ਆਇਆ ਸੰਭਲਣ ਤੇ ਸੰਭਾਲਣ ਦਾ| ਸੱਭ ਇੱਕ ਦੂਜੇ ਨੂੰ ਫੜਦੇ ਫੜੌਂਦੇ ਕਮਰਿਆਂ 'ਚ ਜਾਣ ਲੱਗੇ.....ਜਿਸ ਨੂੰ ਜਿਹੜਾ ਕਮਰਾ ਨੇੜੇ ਲੱਗਿਆ ਓਥੇ ਪਈ ਗਿਆ| ਮੈਨੂੰ ਵੀ ਮਿਨ੍ਹਾ ਨੇ ਖੜਾ ਕੀਤਾ.....ਮੇਰੀ ਬਾਂਹ ਆਪਣੇ ਮੋਢੇ 'ਤੇ ਰੱਖੀ ਤੇ ਅਸੀਂ ਦੋਨੋ ਇੱਕ ਦੂਜੇ ਨੂੰ ਧੂੰਹਦੇ ਕਰਮਜੀਤ (ਕੰਮਾ) ਦੇ ਕਮਰੇ ਤੱਕ ਚਲੇ ਗਏ| ਮਿਨ੍ਹਾ ਬਾਰ-ਬਾਰ ਮੇਰੇ ਕੰਨ ਕੋਲ ਮੂੰਹ ਕਰ ਕਿ ਕਹਿ ਰਿਹਾ ਸੀ "ਤੇਰਾ ਪਰ੍ਸ (ਬਟੂਆ) ਮੈਂ ਲੈ ਚੱਲਿਆਂ.....ਤੇਰਾ ਪਰ੍ਸ ਮੈਂ ਲੈ ਚੱਲਿਆਂ.....ਤੇਰਾ ਪਰ੍ਸ ਮੈਂ ਲੈ ਚੱਲਿਆਂ....." ਮੇਰੇ ਵਿੱਚ ਜਵਾਬ ਦੇਣ ਦੀ ਹਿੱਮਤ ਨਹੀਂ ਸੀ.....ਨਹੀਂ ਤਾ ਸਾਲੇ ਦੇ ਇੱਕ ਰੱਖਦਾ ਕੰਨ ਥੱਲੇ....ਤੇ ਕਹਿੰਦਾ "ਭੂਤਨੀ ਦਿਆ! ਇਹਦੇ 'ਚ ਰਿਹਾ ਕੀ ਆ....ਇੱਕ ਨੋਟ ਸੀ....ਜਿਹਦਾ ਦੁਪਹਿਰੇ ਹੀ ਭੋਗ ਪੈ ਗਿਆ ਸੀ"|
ਕੰਮਾ ਡਿਪਲੋਮੇ ਵਿੱਚ ਪੜਦਾ ਸੀ ਪਰ ਰਹਿੰਦਾ ਸਾਡੇ ਨਾਲ ਹੀ ਸੀ.......ਓਹਨੇ ਮੇਰੀਆਂ ਲੱਤਾਂ ਮੰਜੇ ਤੇ ਸਿੱਧੀਆਂ ਕੀਤੀਆਂ ਅਤੇ ਮੇਰੇ ਜੂਤੇ ਉਤਾਰੇ......ਬਹੁਤ ਬੁਰਾ ਲੱਗ ਰਿਹਾ ਸੀ....ਪਰ ਕਰ ਕੁਜ ਨਹੀਂ ਸਕਿਆ.....

ਸਾਰੇ ਕੋਆਰੀਡੋਰ ਵਿੱਚ ਸੰਨਾਟਾ ਸੀ......ਸੱਭ ਸੌਂ ਗਏ ਸੀ....ਮੇਰੀ ਵੀ ਅੱਖ ਲੱਗ ਗਈ ....ਫਿਰ ਜਲਦੀ ਸੌਣ ਕਰਕੇ, ਚਾਰ ਵਜੇ ਉੱਠ ਗਿਆ.....ਇੱਕ ਨੰਬਰ ਦਾ ਜ਼ੋਰ ਪਿਆ.....ਬਾਥਰੂਮ 'ਚ ਜਾ ਕੇ ਕਰਨ ਦਾ ਨਾ ਰਿਵਾਜ ਸੀ ਤੇ ਨਾ ਹੀ ਹਿੰਮਤ....ਇਸ ਲਈ ਹੋਸਟਲ ਅਤੇ ਪ੍ਰੋਫੈਸਰਾਂ ਦੇ ਘਰਾਂ ਦੇ ਵਿਚਾਲੇ ਜੋ ਝਾੜੀਆਂ ਸੀ, ਓਧਰ ਨੂੰ ਚਲਾ ਗਿਆ| ਵਾਪਿਸ ਆਇਆ ਤਾਂ ਦੇਖਿਆ ਬੁੱਗ ਕੱਲਾ ਬਰਾਂਡੇ 'ਚ ਬੈਠਾ ਸੀ| ਮੈਂ ਵੀ ਜਾ ਕੇ ਕੋਲ ਬੈਠ ਗਿਆ....ਕਾਫੀ ਦੇਰ ਅਸੀਂ ਇੱਕ ਦੂਜੇ ਨਾਲ ਕੋਈ ਗੱਲ ਨਾ ਕੀਤੀ............ਉਹ ਬੜੀ ਅਜੀਬ ਜਿਹੀ ਚੁੱਪ ਸੀ........ ਨਸ਼ਾ ਉੱਤਰ ਚੁੱਕਾ ਸੀ......ਸ਼ਰਾਬ ਦਾ ਵੀ ਤੇ ਜ਼ਿੰਦਗੀ ਦਾ ਵੀ.......| ਦੋਹਾਂ ਦੇ ਦਿਮਾਗ ਵਿਚ ਕਾਲਜ ਖਤਮ ਹੋਣ ਦਾ ਐਹਿਸਾਸ ਸੀ| ਫਿਰ ਅਸੀਂ ਕਿੰਨੀ ਦੇਰ ਹੁਣ ਤੱਕ ਦੇ ਆਪਣੇ ਸਫਰ ਬਾਰੇ ਗੱਲਾਂ ਕਰੀ ਗਏ| ਮਹਿਸੂਸ ਹੋ ਰਿਹਾ ਸੀ ਕਿ ਇਸ ਕਾਲਜ ਨੇ ਸਿਰ੍ਫ ਸਾਡੇ ਨਾਮ ਨਾਲ ਬੱਸ ਇੰਜੀਨੀਅਰ ਹੀ ਨਹੀਂ ਸੀ ਜੋੜਿਆ.....ਬਲਕਿ ਇਹ ਆਪ ਵੀ ਸਾਡੀ ਰੂਹ ਨਾਲ ਕੀਤੇ ਜੁੜ ਗਿਆ ਸੀ| ਉਹ ਗੱਲਾਂ, ਉਹ ਦੋਸਤ, ਉਹ ਸ੍ਮਾਂ......ਹੁਣ ਕਦੇ ਵਾਪਿਸ ਨਹੀਂ ਆ ਸਕਦਾ ਸੀ| ਫੇਰ ਅਸੀਂ ਦੋਨੋ ਉੱਠ ਕੇ ਕਮਰਿਆਂ ਵਿੱਚ ਚਲੇ ਗਏ| ਮੈਂ ਫਿਰ ਸੌਂ ਨਾ ਸਕਿਆ.....ਕੁਝ ਲਿਖਣ ਨੂੰ ਦਿਲ ਕੀਤਾ ਤੇ ਪਹਿਲੀ ਸਤਰ ਲਿਖੀ........."ਕੁਝ ਯਾਰ ਮੈਨੂੰ ਚੇਤੇ ਆਓਂਦੇ ਨੇ..........."

Tuesday, June 15, 2010

ਦੱਸ ਮਨਾ.....

ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਵਿੱਚ, ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਮੈਨੂੰ ਪਤਾ ਹੈ ਬੂਰੀਆਂ ਹੋਈਆਂ ਨੇ, ਪਰ ਇਹ ਸਭ ਸਮੇਂ ਦੀਆਂ ਮਾਰਾਂ ਨੇ|
ਕਿਸੇ ਕੋਲ ਕਰੇਂਗਾ ਦਿਲ ਹੌਲਾ, ਬਣ ਜਾਣੀਆਂ ਖੰਭਾਂ ਤੋਂ ਡਾਰਾਂ ਨੇ|
ਦਿਲ ਰਹਿਣਗੇ ਰਾਜ਼ੀ ਕਈਆਂ ਦੇ, ਭਾਵੇਂ ਝੂਠਾ ਜਿਹਾ ਹੀ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਇਕ ਵੱਸ ਨਹੀਂ ਚੱਲਦਾ ਦੁਨੀਆ 'ਤੇ, ਇਕ ਦਿਲ ਦੀ ਮਜਬੂਰੀ ਲੈ ਬੈਠੀ|
ਨਾ ਚਾਹੁੰਦੇ ਹੋਏ ਓਹ ਵੀ ਤਾਂ, ਗੱਲ਼ ਦੁਨੀਆ ਵਾਲੀ ਕਹਿ ਬੈਠੀ|
ਕਿ ਮੌਕੇ ਦੀ ਸੀ ਮੰਗ ਇਹ, ਨਾ ਤੇਰੇ ਮੇਰੇ ਬੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਨਾ ਹੀ ਭੁਲਾਈ ਜਾਂਦੀ ਹੈ, ਯਾਦ ਕਰਾਂ ਤਾਂ ਹੋਵੇ ਤਕਲੀਫ਼ ਜਿਹੀ|
ਲੱਖ ਗਿਲੇ ਸੁਣ ਮੁੜ ਆ ਜਾਂਦੀ, ਇਕ ਯਾਦ ਬੜੀ ਸ਼ਰੀਫ ਜਿਹੀ|
ਕਿੰਝ ਭੁਲਵਾਂ ਦਿਲੋਂ ਮੈਂ ਓਹਨੂੰ, ਕੋਈ ਯਤਨ ਤਾਂ ਦੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਕਹਿੰਦੇ ਮਾੜੀਆਂ ਕਿਸਮਤਾਂ ਵਾਲਿਆਂ ਨੂੰ, ਦੂਰ ਰਹਿਣ ਨੂੰ ਕਹਿੰਦੀਆਂ ਨੇ|
ਹੁਣ ਸੁਣਿਆ ਖੁਸ਼-ਗਵਾਰ ਹਵਾਵਾਂ, ਵੀ ਹਾਲਾਤ ਵੇਖ ਕੇ ਵਹਿੰਦੀਆਂ ਨੇ|
ਕੁਦਰਤ ਦੇ ਇਸ ਇਨ੍ਸਾਫ ਤੇ ਤੂੰ ਵੀ ਨਾਲ ਮੇਰੇ ਹੁਣ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

ਦਿਸੇ ਦੂਰ ਤਕ ਲੰਬਾ ਰਸਤਾ, ਮੰਜ਼ਿਲ ਦਾ ਨਾ ਥਾਉ ਪਤਾ|
ਦਰਦ ਸਫਰ ਦਾ ਕੱਟੀ ਜਾਂਦੇ, ਬਿਨ ਜਾਣੇ ਆਪਣੀ ਖਤਾ|
ਨਾਲ ਮੇਰੇ ਬੱਸ ਯਾਦ ਇਕ ਓਹਦੀ, ਕਦੇ ਰੋਂਦੀ ਕਦੇ ਲਵੇ ਹੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|
ਬੱਸ ਮੇਰੀਆਂ ਪੁੱਛਦਾ ਰਹਿਨਾ ਹੈਂ, ਆਪਣੀਆਂ ਵੀ ਕਦੇ ਦੱਸ ਮਨਾ|

- ਜੀਵਨ ਪਾਲ

ਕਾਗ਼ਜ਼ੀ ਫਕੀਰ

ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ
ਉਧਾਰੀ ਸੋਚ ਦੇ ਥੱਲੇ ਵਿਲਕਦੀਆਂ ਬੇਬੁਨਿਆਦੀ ਤਕਰੀਰਾਂ ਨੂੰ....

"ਤੁਸੀਂ ਤਾਂ ਦੁਨੀਆ ਨਾਲ ਹੀ ਵਹਿ ਗਏ" ਜਦ ਵੀ ਮਿਲਦੇ ਏਹਿ ਕਹਿੰਦੇ
ਫਿਰ ਸਾਡੇ ਹਾਸੇ ਨੂੰ ਜਿੱਤ ਸਮਝਕੇ, ਮਸੋਸੇ ਮ੍ਨ ਨੂੰ ਸਮਝੌਂਦੇ ਰਹਿੰਦੇ
ਜਿੰਦਗੀ ਜੀਣ ਦਾ ਢੰਗ ਨੇ ਦਸਦੇ, ਮਰੇਆਂ ਦੀਆਂ ਖਿੱਚੀਆਂ ਲਕੀਰਾਂ ਨੂੰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ.....

"ਬਈ ! ਓਹ੍ਹ ਬੰਦਾ ਸੀ ਦੁਨੀਓਂ ਵੱਖਰਾ, ਤੁਸੀਂ ਤਾਂ ਕੀੜੇ, ਨਾਲੀ ਮਰਦੇ"
ਵੱਖਰੇ ਦੀ ਤਰੀਫ ਵੀ ਕਰਦੇ, ਤੇ ਖੁੱਦ ਵੱਖਰੇ ਹੋਣੋ ਵੀ ਡਰਦੇ
ਏਹ, ਰੱਬ ਭੁੱਲੀ ਦੁਨਿਆਂ ਨੂੰ ਕੋਸ੍ਣ. ਤੇ ਗਾਲਾਂ ਵੀ ਕੱਡਦੇ ਪੀਰਾਂ ਨੂੰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ....

ਅੱਖੜ ਸੋਚ ਦੇ ਮੈਹਲ ਉਸਾਰੇ, ਬਹੁਤਾ ਚਿਰ ਨਹੀਂ ਮ੍ਨ ਨੂੰ ਭੌਂਦੇ
ਖੰਡਰਾਂ ਨਾਲੋਂ ਤੰਬੂ ਚਂਗੇ, ਤੁਰਦੇ ਫਿਰਦੇ ਕੰਮ ਤਾਂ ਆਓਂਦੇ
ਸੱਚ ਤਾਂ ਏਹਿ ਕਿ ਥਾਂ 2 ਬਾਏ 6 ਦੀ, ਮੁੱਕਦੀ ਨਹੀਂ ਅਖੀਰਾਂ ਨੂੰ
ਕਦੇ ਕਦੇ ਮੈਂ ਵੀ ਸੁਣ ਲੈਨਾ ਕਾਗ਼ਜ਼ੀ ਜਿਹੇ ਫਕੀਰਾਂ ਨੂੰ....
ਉਧਾਰੀ ਸੋਚ ਦੇ ਥੱਲੇ ਵਿਲਕਦੀਆਂ ਬੇਬੁਨਿਆਦੀ ਤਕਰੀਰਾਂ ਨੂੰ....

ਕੁਜ ਮਿੱਤਰ ਪਿਆਰੇ.....some lighter moments....about friends and life

ਕੁਜ ਮਿੱਤਰ ਪਿਆਰੇ ਜੁਡ਼ ਬੈਠੇ, ਤੇ ਫਿਰ ਗੱਲਾਂ ਓਹੀਓ ਤੁਰੀਆਂ ਨੇ
ਕਿ ਦਿਨ ਤਾ ਚੰਗਾ ਲੰਘ ਜਾਂਦਾ, ਪਰ ਸ਼ਾਮਾ ਲੰਘਦੀਆ ਬੂਰੀਆਂ ਨੇ |

ਕੋਈ ਕਹਿੰਦਾ "ਚਾਚਾ" ਮਿਲਿਆ ਸੀ, ਓਹ ਸਾਲਾ ਅਜੇ ਵੀ ਓਹਨਾ ਮੋੱਟਾ ਹੈ|
ਘਰਦਿਆਂ ਵੀ ਕੁੜੀ ਲੱਭਣੀ ਛੱਡਤੀ, ਕਹਿੰਦੇ ਸਿੱਕਾ ਸਾਡਾ ਹੀ ਖੋਟਾ ਹੈ |
ਪੁਰਾਣੇ ਪਾਪੀ ਹੋਗੇ ਨੇ ਕੱਠੇ, ਤੇ ਗੱਲਾਂ, ਖਵਰੇ ਕਿਥੋਂ ਫੁਰੀਆਂ ਨੇ|
ਕੁਜ ਮਿੱਤਰ ਪਿਆਰੇ ਜੁਡ਼ ਬੈਠੇ, ਤੇ ਫਿਰ ਗੱਲਾਂ ਓਹੀਓ ਤੁਰੀਆਂ ਨੇ|

ਕੋਈ ਕਹਿੰਦਾ ਮੈਂ ਘੱਟ ਕਰ ਦਿੱਤੀ, ਕੋਈ ਕਹਿੰਦਾ ਮੈਂ ਜਮਾ ਹੀ ਛੱਡਤੀ|
ਵਲੈਤ ਜਾਣ ਲਈ ਛੱਡ ਗਈ ਸੀ ਜਿਹੜੀ, ਸੁਣਿਆ ਖਸ੍ਮ ਨੇ ਘਰੋਂ ਓਹ ਕੱਡਤੀ|
ਕੀਤੇ ਜਖ਼ਮ ਪੁਰਾਣੇ ਹੋਗੇ ਤਾਜ਼ਾ, ਕੀਤੇ ਠਹਾਕੇ ਨਾਲ ਫਿਕਰਾਂ ਉਡੀਆਂ ਨੇ|
ਕੁਜ ਮਿੱਤਰ ਪਿਆਰੇ ਜੁਡ਼ ਬੈਠੇ, ਤੇ ਫਿਰ ਗੱਲਾਂ ਓਹੀਓ ਤੁਰੀਆਂ ਨੇ|

ਮੋਡ਼ ਜ਼ਿੰਦਗੀ ਦੇ ਕਈ ਆਏ, ਕੁਜ ਮੁੜ ਗਏ ਤੇ ਕੁਜ ਮੁੜ ਨਾ ਪਾਏ |
ਲੰਘੀ ਸਭ ਦੀ ਜਾਂਦੀ ਹੈ, ਪਰ.... ਸਮਾ ਕਦੇ ਓਹ ਭੁੱਲ ਨਾ ਪਾਏ |
ਜ਼ਿੰਦਗੀ ਦੀਆਂ ਮਾਰਾਂ ਝੱਲਦੇ-ਝੱਲਦੇ, ਮੜਕਾਂ ਦੀਆਂ ਨੁਕਰਾਂ ਭੂਰੀਆਂ ਨੇ |
ਕੁਜ ਮਿੱਤਰ ਪਿਆਰੇ ਜੁਡ਼ ਬੈਠੇ, ਤੇ ਫਿਰ ਗੱਲਾਂ ਓਹੀਓ ਤੁਰੀਆਂ ਨੇ|

ਬਸ ਵੀਰੇ ! ਸਭ ਵਧੀਆ, ਤੇ ਕੋਈ ਬੋਹਤਾ ਵਧੀਆ ਵੀ ਕਹਿ ਦਿੰਦਾ |
ਪਰ ਅੰਦਰ ਸਾਹੀਂ ਇਕ ਲੰਬਾ ਹੋਂਕਾ, ਧੁਰ ਕਾਲਜੇ ਅੰਦਰ ਲਹਿ ਜਾਂਦਾ |
ਦੁਨੀਆਦਾਰੀ ਦੀਆਂ ਸੁੱਕੀਆਂ ਖੁਸ਼ੀਆਂ, ਯਾਦਾਂ ਦੇ ਝੱਖਡ਼ ਨਾਲ ਖੁਰੀਆਂ ਨੇ |
ਕੁਜ ਮਿੱਤਰ ਪਿਆਰੇ ਜੁਡ਼ ਬੈਠੇ, ਤੇ ਫਿਰ ਗੱਲਾਂ ਓਹੀਓ ਤੁਰੀਆਂ ਨੇ|
ਕਿ ਦਿਨ ਤਾ ਚੰਗਾ ਲੰਘ ਜਾਂਦਾ, ਪਰ ਸ਼ਾਮਾ ਲੰਘਦੀਆ ਬੂਰੀਆਂ ਨੇ |

ਢਲਦੀ ਉਮਰ ਦਾ ਸਭ ਤੋਂ ਵੱਡਾ ਦੁੱਖ

ਇਕੱਲੇਪਣ ਦੀ ਨਦੀ ਜਦ ਵੀ ਹੜ ਦਾ ਰੂਪ ਵਿਖਾਓਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਗੱਲ ਕਰਕੇ ਕਰਾਂ ਮਨ ਮੈਂ ਹੌਲਾ, ਕਿਸ ਨੂੰ ਦਸ ਬੁਲਾਵਾਂ ਮੈਂ ?
ਅਖ੍ਬਾਰਾਂ ਦੀਆਂ ਇਹ ਮੋਟੀਆਂ ਸੁਰਖੀਆਂ ਕਿਸ ਨੂ ਪੜ੍ਹ ਸੁਣਾਵਾਂ ਮੈਂ ?
ਸਭ ਦੁਨੀਆ ਦੇ ਦੁਖਾਂ ਵਿੱਚੋਂ, ਖ਼ਬਰ ਮੇਰੀ ਨਾ ਨਜ਼ਰ ਕੀਤੇ ਔਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਸ਼ਾਮ ਢਲੀ ਜਦ ਪਰਛਾਵਾਂ ਮੇਰਾ ਵੀ ਸਾਥ ਮੇਰਾ ਛੱਡ ਦਿੰਦਾ ਹੈ|
ਕੰਧਾਂ ਵਿੱਚ ਵੱਜਦਾ ਅੰਨ੍ਹਾ ਹਨ੍ਹੇਰਾ ਹੱਥ ਮੇਰਾ ਫੜ ਲੈਂਦਾ ਹੈ|
ਯਾਦ ਓਹ੍ਦੀ ਇਹ ਹੱਥ ਛੱਡੌਂਣ ਲਈ ਜ਼ੋਰ ਬੜਾ ਹੀ ਲੌਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਕੁਲ ਦੁਨਿਆ ਤੋਂ ਚੋਰੀ, ਇਸ ਖੂੰਡੀ ਉੱਤੇ ਜਦ ਮੱਥਾ ਮੈਂ ਟਿਕੌਂਦਾ ਹਾਂ|
ਓਸ ਹੌਸਲਾ ਦਿੰਦੇ ਹੱਥ ਦੀ ਛੋਹ ਆਪਣੇ ਮੋਢੇ ਉੱਤੇ ਚਾਹੁੰਦਾ ਹਾਂ|
ਇੱਕ ਸਹਾਰੇ ਦੇ ਛੁਟ ਜਾਣ ਦਾ ਦਰ੍ਦ ਜਿਵੇਂ ਇਹ (ਖੂੰਡੀ) ਵੰਡਓਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਕਹਿਣ ਨੂੰ ਸਭ ਦੁਆਲੇ ਮੇਰੇ, ਪੁੱਤਰ-ਧੀਆਂ ਪਿਆਰੇ ਮੇਰੇ|
ਪਰ ਓਹ ਨਹੀਂ ਹੈ, ਜਿਸਨੇ ਕਦੇ ਸੀ ਸੁਪਨੇ ਸਭ ਉਸਾਰੇ ਮੇਰੇ|
ਦੁੱਖ ਸਭ ਵੰਡਾ ਕੇ ਮੇਰੇ, ਕਦੇ ਖੁਸ਼ੀ ਵੰਡਣ ਨਾ ਆਓਂਦੀ ਹੈ|
ਸੋਂਹ ਰੱਬ ਦੀ ਓਹ ਮੇਰੀ ਰੂਹ ਵਰਗੀ ਬੜੀ ਹੀ ਚੇਤੇ ਆਓਂਦੀ ਹੈ|

ਕਿੱਕਰਾਂ.....

ਤੂੰ ਵੀ ਕਦੇ .........
ਆਪਣੀਆਂ ਯਾਦਾਂ ਦੀ ਪਗਡੰਡੀ 'ਤੇ ਚਲ ਕੇ ਵੇਖੀਂ
ਸ਼ਾਇਦ ਮੇਰੇ ਨਾਮ ਦੀਆਂ ਕੁਝ ਕਿੱਕਰਾਂ.....
ਸਮੇ ਦੀਆਂ ਮਾਰਾਂ ਝੱਲਦੀਆਂ ਦਿੱਸ ਜਾਵਣ

ਹੋ ਸਕਦਾ ਕਿ.......
ਓਹ ਤੈਨੂੰ ਠੰਡੀ ਛਾਂ ਦਾ ਆਨੰਦ ਨਾ ਦੇ ਸਕਣ
ਤੇ ਇਹ ਵੀ ਹੋ ਸਕਦਾ....
ਕਿ ਉਹਨਾ ਦੇ ਸੁੱਕ ਕੇ ਡਿੱਗੇ ਪੀਲੇ ਫੁੱਲਾਂ 'ਚੋਂ.....
ਤੈਨੂੰ ਕੋਈ ਮਨ ਭੌਂਦੀ ਮਹਿਕ ਨਾ ਆਵੇ

ਪਰ ਮੇਰੇ ਅਰਮਾਨਾਂ ਦੇ ਵਾਂਗ ਹੀ......
ਓਹਨਾਂ ਨੂੰ ਵੀ ਮਸਲ ਕੇ ਵੇਖੀਂ
ਆਪਣੇ ਰੰਗ ਦੀ ਕੋਈ ਛਾਪ.....
ਤੇਰੀਆਂ ਉਂਗਲਾਂ ਦੇ ਪੋਟਿਆਂ 'ਤੇ ਛੱਡ ਹੀ ਜਾਣਗੇ

ਮੇਰੇ ਹੋਂਸਲੇ ਵਾਂਗ ਟੁੱਟ ਕੇ ਡਿਗੀਆਂ.....
ਕੁਝ ਟਾਹਣੀਆਂ ਮਿਲੀਆਂ, ਤਾਂ ਸੰਭਲ ਕੇ ਚੱਕੀਂ
ਤੈਨੂੰ ਛੁਹਨ ਦੀ ਚਾਹ ਵਿੱਚ ਕੋਈ ਕੰਡਾ......
ਕਿਤੇ ਤੈਨੂੰ ਦੁੱਖ ਨਾ ਪਹੁੰਚਾ ਦੇਵੇ

ਫਿਰ ਇਹ੍ਨਾ ਟਾਹਣੀਆਂ ਨੂੰ.....
ਆਪਣੀਆਂ ਮਜਬੂਰੀਆਂ ਦਾ ਸੇਕ ਦੇ ਕੇ....
ਕੁਜ ਪਲ ਮ੍ਗਦਾ ਰੱਖੀਂ
ਫਿਰ ਵੇਖੀਂ, ਸਵਾਹ ਹੋਣ ਤੱਕ......
ਤੈਨੂੰ ਨਿਗ੍ਹਾ ਰੱਖਣ ਦੀ ਕੋਸ਼ਿਸ਼ ਕਰਨਗੀਆਂ