Monday, February 28, 2011

ਇਜਾਜ਼ਤ

ਘਰ ਦੀ ਦਹਿਲੀਜ਼ ਤੇ ਖੜਾ
ਉਡੀਕ ਰਿਹਾ ਹਾਂ
ਕਦ ਉਹ ਜਾਣ ਦੀ ਇਜਾਜ਼ਤ ਦੇਵੇਗੀ
ਉਹ ਅਜੇ ਵੀ ਵਿਹੜੇ ਵਿੱਚ ਡਾਹੇ
ਪੁਰਾਣੇ ਦੌਣ ਦੇ ਮੰਜੇ ਤੇ ਬੈਠੀ
ਕੰਬਦੇ ਬੁੱਢੇ ਗੋਡਿਆਂ ਨੂੰ
ਦੋਹਾਂ ਹੱਥਾਂ ਨਾਲ ਘੁੱਟ ਰਹੀ ਹੈ
ਸ਼ਾਇਦ ਮਨ ਦੀ ਬੇਚੈਨੀ
ਸ਼ਰੀਰ ਝੱਲ ਨਹੀਂ ਪਾ ਰਿਹਾ
ਮੈਨੂੰ ਵੇਖਣ ਦੀ ਤਾਂਗ ਨੇ
ਫਿਰ ਮਾਰਿਆ ਹੈ ਹਲੋਰਾ....
ਪਰ ਇਸ ਛੋਟੇ ਜਿਹੇ ਫਾਸ੍ਲੇ ਤੋਂ ਵੀ
ਉਹ ਮੈਨੂੰ ਨਹੀਂ ਦੇਖ ਪਾ ਰਹੀ
ਸ਼ਾਇਦ ਭਵਿੱਖ ਦੀ ਦੂਰੀ ਵਿੱਚ
ਆਓਣ ਵਾਲੇ ਸੱਤੇ ਸਮੁੰਦਰ
ਅੱਜ ਹੀ ਉੱਤਰ ਆਏ ਨੇ
ਉਹਦੀਆਂ ਨਮੋਸ਼ ਅੱਖਾਂ ਵਿੱਚ
ਤੇ ਉਹਨਾਂ ਵਿਚੋਂ ਉੱਠ ਰਹੀਆਂ
ਵਿਛੋੜੇ ਦੀਆਂ ਭਾਫਾਂ
ਸਾਨੂੰ ਇੱਕ ਦੂਜੇ ਤੋਂ ਓਹਲੇ ਕਰ ਦਿੱਤਾ ਹੈ
ਮੈਂ ਹੌਂਕੇ ਨੂੰ ਗੰਢ ਮਾਰ ਕੇ
ਅਜੇ ਪਹਿਲਾ ਕਦਮ ਹੀ ਚੁੱਕਿਆ ਸੀ ਕਿ
ਕੰਨੀ ਪਈ ਉਸਦੀ ਉੱਖੜੀ ਆਵਾਜ਼
ਸ਼ਾਇਦ ਇਹ ਮੇਰਾ ਹੀ ਨਾਮ ਸੀ.....
"ਸ਼ਾਇਦ" ਇਸ ਲਈ ਕਿਹਾ ਕਿਉਂ ਕਿ
ਇਹ ਨਾਮ, ਜਿਸਤੋਂ ਮੈਨੂੰ ਸਭ ਬੁਲਾਓਂਦੇ ਨੇ
ਪਹਿਲੀ ਵਾਰ ਸੁਣਿਆ ਹੈ ਉਸ ਦੇ ਮੂੰਹੋਂ
ਪਹਿਲਾਂ ਵਾਂਗ ਉਹਨੇ ਇਸ ਨਾਲ
ਕੋਈ ਪਿਆਰ ਭਿੱਜਿਆ
ਔਂਕੜ, ਬਿਹਾਰੀ ਜਾਂ ਲਾਮ ਨਹੀਂ ਲਾਈ
ਕੀ ਮੈਂ ਅੱਜ ਤੋਂ ਹੀ ਬੇਗਾਨਾ ਹੋਗਿਆ ਹਾਂ ????
ਉਹ ਉੱਠ ਖੜੀ ਹੈ ਪਰ
ਮੇਰਾ ਦਿਲ ਬੈਠ ਗਿਆ ਹੈ
ਉਹਨੂੰ ਤੁਰੀ ਆਓਂਦੀ ਵੇਖ ਕੇ
ਖੁਸ਼ੀ ਨਾਲੋਂ ਕੀਤੇ ਵੱਧ
ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ
ਅੱਜ ਵੀ ਉਹੀ ਖੂੰਡੀ ਉਹਦੇ ਨਾਲ ਹੈ
ਜਿਸਦੀ ਜਗ੍ਹਾ ਮੈਂ ਲੈਣੀ ਚਾਹੁੰਦਾ ਸੀ
ਮੇਰੇ ਸਿਰ 'ਤੇ ਹੱਥ ਰੱਖਿਆ
ਤਾਂ ਲੱਗਿਆ ਮੇਰਾ ਮਨ ਨਿਚੜ ਕੇ
ਮੇਰੀਆਂ ਅਖਾਂ ਰਾਹੀਂ ਵਹਿ ਤੁਰਿਆ
ਪਰ ਉਸਦੇ ਅਗਲੇ ਸ਼ਬਦਾਂ ਨੇ
ਜਾਣੀ ਮੇਰੀਆਂ ਆਂਦਰਾਂ ਹੀ ਖਿੱਚ ਛੱਡੀਆਂ....
"ਤੇਰਾ ਪਿਓ ਆਂਦਾ ਸੀ
ਖੂਨ ਦਿੱਲੀ ਤੱਕ ਹੀ ਲਾਲ ਰਹਿੰਦਾ....
ਦੇਖੀਂ ! ਠੰਡੇ ਮੁਲਕ ਜਾ ਕੇ
ਮੇਰੀ ਬੁੱਕਲ ਦਾ ਨਿੱਘ ਨਾ ਭੁੱਲ ਜਾਵੀਂ......."

ਤਫਤੀਸ਼

ਕੁੱਝ ਤਫਤੀਸ਼ ਮੁਕੱਦਰਾਂ ਦੀ, ਅਜੇ ਕਰਨੀ ਬਾਕੀ ਹੈ,
ਕਿਉਂ ਜ਼ਮਾਨਾ ਜਿੱਤ ਸਮਝੇ ਆਪਣੀ, ਕਿ ਆਖਰੀ ਸਾਹ ਅਜੇ ਬਾਕੀ ਹੈ|

ਮੈਂ ਫਿਰ ਉੱਠ ਖਲੋਵਾਂਗਾ, ਅਜੇ ਮੈਨੂੰ ਅੰਬਰ ਹੈ ਦਿੱਸਦਾ,
ਮੇਰੇ ਅਰਮਾਨਾ ਦੀਆਂ ਲਾਸ਼ਾਂ ਪਿਛੋਂ, ਉਮੀਦ ਨੇ ਦਿੱਤੀ ਝਾਤੀ ਹੈ|

ਮੇਰੀਆਂ ਅੱਖਾਂ ਦੀ ਚਮਕ ਨੂੰ ਕੋਈ, ਕਿਧਰੇ ਅੱਥਰੂ ਨਾ ਸਮ੍ਝ ਬੈਠੇ,
ਬੜੇ ਝੱਖੜ ਇਹਨਾਂ ਝੱਲੇ, ਪਰ ਦਗਦੀ ਲਓ ਅਜੇ ਬਾਕੀ ਹੈ|

ਫਿਰ ਜੱਦੋ-ਜਹਦ ਚੱਲੇਗੀ, ਹੋਸ਼ ਉਡਾਵ੍ਣ ਤੇ ਬਚਾਵ੍ਣ ਦੀ,
ਇਹ ਜਾਨੀ ਦੁਸ਼ਮਣ ਹੀ ਹੈ ਮੇਰਾ ਜੋ ਅੱਜ ਬਣਿਆ ਸਾਕੀ ਹੈ|

ਬੜਾ ਸਮਝੌਣਾ ਮੈਂ ਚਾਹਿਆ, ਪਰ ਸ਼ਾਇਦ ਉਹ ਸਮਝ ਨਹੀਂ ਪਾਇਆ,
ਇਹ ਤੁਫਾਨ ਤੋਂ ਬਾਅਦ ਦਾ ਸੰਨਾਟਾ ਨਹੀਂ, ਤੂਫਾਨ ਅਜੇ ਔਣਾ ਬਾਕੀ ਹੈ|

-------------------------ਜੀਵਨ-------------------------

ਆਮ ਜਿਹੇ

ਇੱਕ ਆਮ ਜਿਹੇ ਇਨਸਾਨ ਵਾਂਗ ਇੱਕ ਆਮ ਜਿਹੀ ਜ਼ਿੰਦਗੀ ਜੀਂਦਾ ਹਾਂ
ਨਿੱਤ ਆਮ ਜਿਹੇ ਦੁੱਖ ਸਹਿੰਦਾ ਹਾਂ, ਨਿੱਤ ਆਮ ਜਿਹੇ ਗ਼ਮ ਪੀਂਦਾ ਹਾਂ

ਬਹੁਤੇ ਦੁੱਖ ਮਿਲਦੇ ਤਾਂ ਵੀ ਕੋਸ਼ਿਸ਼ ਕਰ ਲਈ ਦੀ ਹੱਸਣ ਦੀ
ਜਿੰਦਗੀ ਵਿੱਚ ਬਹੁਤੀ ਖੁਸ਼ੀ ਮਿਲਦੀ ਤਾਂ ਅੱਖਾਂ ਵੀ ਭਰ ਲੈਂਦਾ ਹਾਂ

ਭੀਖ ਦੇ ਕੇ ਪੁੰਨ ਖੱਟ ਲੈਨਾ, ਕਿਸੇ ਮੰਗਦੇ ਬੱਚੇ ਨੂੰ ਦੇਖ
ਤੇ ਆਪਣੇ ਦੀਆਂ ਆਦਤਾਂ ਨਾ ਵਿਗੜ ਜਾਣ ਇਸ ਲਈ ਮੁੱਠੀ ਵੀ ਘੁੱਟ ਲੈਂਦਾ ਹਾਂ

ਕਦੇ ਤਨਹਾਈ ਦੇ ਵਿੱਚ ਗਿਲਾ ਕਰਦਾਂ ਸਭ ਕੱਲਾ ਮੈਨੂੰ ਛੱਡ ਤੁਰ ਗਏ
ਤੇ ਕਦੇ ਮਹਿਫ਼ਿਲ ਵਿੱਚ ਫੜ ਜਾਮ ਆਪਣਾ ਮੈਂ ਕੱਲਾ ਘੁੰਮਦਾ ਰਹਿੰਦਾ ਹਾਂ

ਨਿੱਤ ਨਾਕਾਮ ਜਿਹੀ ਇੱਕ ਕੋਸ਼ਿਸ਼ ਕਰਦਾਂ ਹਰ ਇੱਕ ਨੂੰ ਖੁਸ਼ ਰੱਖਣ ਦੀ
ਨਿੱਤ ਆਪਣੇ ਪੁੰਗਰਦੇ ਅਰਮਾਨਾ ਨੂੰ ਮੈਂ ਆਪ ਕੁਚਲਦਾ ਰਹਿੰਦਾ ਹਾਂ

ਰਿਸ਼ਤਿਆਂ ਦੇ ਤਾਣੇ ਬਾਣੇ ਕੁੱਝ ਇਸ ਤਰਾਂ ਉਲਝਦੇ ਜਾਂਦੇ ਨੇ
ਆਪਣਿਆਂ ਨੂੰ ਪਾਓਣ ਲਈ ਦੂਰੀ ਆਪਣਿਆਂ ਤੋਂ ਬਣਾ ਲੈਂਦਾ ਹਾਂ

ਯਾਰ ਮੇਰਾ ਮਲੰਗ ਜਿਹਾ - Dedicated to my friend "Ani Kaushal"

ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ

ਕਦੇ ਲੱਗਦਾ ਸਕੇ ਭਰਾ ਵਰਗਾ
ਕਦੇ ਹੜਦੀ ਨਦੀ ਦੇ ਰਾਹ ਵਰਗਾ
ਨਿਗ੍ਹਾ ਚਾਹ ਵਰਗਾ, ਠੰਡਾ ਸਾਹ ਵਰਗਾ
ਕਿਸੇ ਸੱਜਰੀ ਵਿਆਹੀ ਦੇ ਚਾਅ ਵਰਗਾ
ਸੱਭ ਪੈੜਾਂ ਲਿਆਓਂਦੇ ਦਰਿਆ ਤੱਕ
ਉਹ ਪੈੜਾਂ ਤੋਂ ਅੱਗੇ ਲੰਘ ਗਿਆ
ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ

ਜੰਗਲੀ ਫੁੱਲਾਂ ਦੀ ਖੁਸ਼ਬੋ ਵਰਗਾ
ਮਾਂ ਦੇ ਸੁੱਚੇ ਮੋਹ ਵਰਗਾ
ਕੱਲਾ ਸੌ ਵਰਗਾ, ਦਾਗਦੀ ਲੌਅ ਵਰਗਾ
ਪਿਆਸੇ ਲਈ ਭਿੱਜੀ ਕਨਸੋਹ ਵਰਗਾ
ਬੜਾ ਟਲੇ ਅਵੱਲੀਆਂ ਸੋਚਾਂ ਤੋਂ
ਖਬਰੇ ਫਨੀਅਰ ਉਹ ਕਦ ਡੰਗ ਗਿਆ
ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ

ਬੱਚਿਆਂ ਦੀ ਭੋਲੀ ਚਹਿਕ ਜਿਹਾ
ਸਾਗ ਨੂੰ ਤੜਕੇ ਦੀ ਮਹਿਕ ਜਿਹਾ
ਗੁਲਾਬ ਜਿਹੀ ਟਹਿਕ ਜਿਹਾ, ਲਾਟ ਦੀ ਦਹਿਕ ਜਿਹਾ
ਪੰਜਾਬ ਨਾਲ ਮੇਲ ਖਾਂਦੇ ਰਸ਼ੀਅਨ ਸਹਿਤ ਜਿਹਾ
ਉਹਦੀਆਂ ਤਰਕ ਭਰੀਆਂ ਸਭ ਗੱਲਾਂ ਅੱਗੇ
ਬੋਲਣਾ ਸਾਡਾ.....ਕੁੱਤੇ ਖੰਘ ਜਿਹਾ
ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ

ਝਰਨੇ ਦੇ ਪਾਣੀ ਵਰਗਾ ਅਵਾਰਾ
ਰੇਗਿਸਤਾਨੀ ਮਿੱਟੀ ਦੇ ਕਣ ਵਰਗਾ ਅਵਾਰਾ
ਨੀਰਾਂ ਵਰਗਾ ਅਵਾਰਾ, ਫਕੀਰਾਂ ਵਰਗਾ ਅਵਾਰਾ
ਪਹਾੜੀ ਉਕਾਬਾਂ ਦੀ ਉਡਾਣ ਵਰਗਾ ਅਵਾਰਾ
ਅਸੀਂ "ਮੈਂ" ਵਿੱਚ ਭਾਲਦੇ ਦੁਨੀਆ ਨੂੰ
ਉਹ ਦੁਨੀਆ ਨੂੰ ਖੁਦ ਨਾਲ ਰੰਗ ਗਿਆ
ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ 

----------ਜੀਵਨ---------