ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ
ਕਦੇ ਲੱਗਦਾ ਸਕੇ ਭਰਾ ਵਰਗਾ
ਕਦੇ ਹੜਦੀ ਨਦੀ ਦੇ ਰਾਹ ਵਰਗਾ
ਨਿਗ੍ਹਾ ਚਾਹ ਵਰਗਾ, ਠੰਡਾ ਸਾਹ ਵਰਗਾ
ਕਿਸੇ ਸੱਜਰੀ ਵਿਆਹੀ ਦੇ ਚਾਅ ਵਰਗਾ
ਸੱਭ ਪੈੜਾਂ ਲਿਆਓਂਦੇ ਦਰਿਆ ਤੱਕ
ਉਹ ਪੈੜਾਂ ਤੋਂ ਅੱਗੇ ਲੰਘ ਗਿਆ
ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ
ਜੰਗਲੀ ਫੁੱਲਾਂ ਦੀ ਖੁਸ਼ਬੋ ਵਰਗਾ
ਮਾਂ ਦੇ ਸੁੱਚੇ ਮੋਹ ਵਰਗਾ
ਕੱਲਾ ਸੌ ਵਰਗਾ, ਦਾਗਦੀ ਲੌਅ ਵਰਗਾ
ਪਿਆਸੇ ਲਈ ਭਿੱਜੀ ਕਨਸੋਹ ਵਰਗਾ
ਬੜਾ ਟਲੇ ਅਵੱਲੀਆਂ ਸੋਚਾਂ ਤੋਂ
ਖਬਰੇ ਫਨੀਅਰ ਉਹ ਕਦ ਡੰਗ ਗਿਆ
ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ
ਬੱਚਿਆਂ ਦੀ ਭੋਲੀ ਚਹਿਕ ਜਿਹਾ
ਸਾਗ ਨੂੰ ਤੜਕੇ ਦੀ ਮਹਿਕ ਜਿਹਾ
ਗੁਲਾਬ ਜਿਹੀ ਟਹਿਕ ਜਿਹਾ, ਲਾਟ ਦੀ ਦਹਿਕ ਜਿਹਾ
ਪੰਜਾਬ ਨਾਲ ਮੇਲ ਖਾਂਦੇ ਰਸ਼ੀਅਨ ਸਹਿਤ ਜਿਹਾ
ਉਹਦੀਆਂ ਤਰਕ ਭਰੀਆਂ ਸਭ ਗੱਲਾਂ ਅੱਗੇ
ਬੋਲਣਾ ਸਾਡਾ.....ਕੁੱਤੇ ਖੰਘ ਜਿਹਾ
ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ
ਝਰਨੇ ਦੇ ਪਾਣੀ ਵਰਗਾ ਅਵਾਰਾ
ਰੇਗਿਸਤਾਨੀ ਮਿੱਟੀ ਦੇ ਕਣ ਵਰਗਾ ਅਵਾਰਾ
ਨੀਰਾਂ ਵਰਗਾ ਅਵਾਰਾ, ਫਕੀਰਾਂ ਵਰਗਾ ਅਵਾਰਾ
ਪਹਾੜੀ ਉਕਾਬਾਂ ਦੀ ਉਡਾਣ ਵਰਗਾ ਅਵਾਰਾ
ਅਸੀਂ "ਮੈਂ" ਵਿੱਚ ਭਾਲਦੇ ਦੁਨੀਆ ਨੂੰ
ਉਹ ਦੁਨੀਆ ਨੂੰ ਖੁਦ ਨਾਲ ਰੰਗ ਗਿਆ
ਇੱਕ ਯਾਰ ਮੇਰਾ ਮਲੰਗ ਜਿਹਾ
ਕਿਸੇ ਵੱਖਰੀ ਸੋਚ ਦੇ ਢੰਗ ਜਿਹਾ
----------ਜੀਵਨ---------
No comments:
Post a Comment