Monday, February 28, 2011

ਇਜਾਜ਼ਤ

ਘਰ ਦੀ ਦਹਿਲੀਜ਼ ਤੇ ਖੜਾ
ਉਡੀਕ ਰਿਹਾ ਹਾਂ
ਕਦ ਉਹ ਜਾਣ ਦੀ ਇਜਾਜ਼ਤ ਦੇਵੇਗੀ
ਉਹ ਅਜੇ ਵੀ ਵਿਹੜੇ ਵਿੱਚ ਡਾਹੇ
ਪੁਰਾਣੇ ਦੌਣ ਦੇ ਮੰਜੇ ਤੇ ਬੈਠੀ
ਕੰਬਦੇ ਬੁੱਢੇ ਗੋਡਿਆਂ ਨੂੰ
ਦੋਹਾਂ ਹੱਥਾਂ ਨਾਲ ਘੁੱਟ ਰਹੀ ਹੈ
ਸ਼ਾਇਦ ਮਨ ਦੀ ਬੇਚੈਨੀ
ਸ਼ਰੀਰ ਝੱਲ ਨਹੀਂ ਪਾ ਰਿਹਾ
ਮੈਨੂੰ ਵੇਖਣ ਦੀ ਤਾਂਗ ਨੇ
ਫਿਰ ਮਾਰਿਆ ਹੈ ਹਲੋਰਾ....
ਪਰ ਇਸ ਛੋਟੇ ਜਿਹੇ ਫਾਸ੍ਲੇ ਤੋਂ ਵੀ
ਉਹ ਮੈਨੂੰ ਨਹੀਂ ਦੇਖ ਪਾ ਰਹੀ
ਸ਼ਾਇਦ ਭਵਿੱਖ ਦੀ ਦੂਰੀ ਵਿੱਚ
ਆਓਣ ਵਾਲੇ ਸੱਤੇ ਸਮੁੰਦਰ
ਅੱਜ ਹੀ ਉੱਤਰ ਆਏ ਨੇ
ਉਹਦੀਆਂ ਨਮੋਸ਼ ਅੱਖਾਂ ਵਿੱਚ
ਤੇ ਉਹਨਾਂ ਵਿਚੋਂ ਉੱਠ ਰਹੀਆਂ
ਵਿਛੋੜੇ ਦੀਆਂ ਭਾਫਾਂ
ਸਾਨੂੰ ਇੱਕ ਦੂਜੇ ਤੋਂ ਓਹਲੇ ਕਰ ਦਿੱਤਾ ਹੈ
ਮੈਂ ਹੌਂਕੇ ਨੂੰ ਗੰਢ ਮਾਰ ਕੇ
ਅਜੇ ਪਹਿਲਾ ਕਦਮ ਹੀ ਚੁੱਕਿਆ ਸੀ ਕਿ
ਕੰਨੀ ਪਈ ਉਸਦੀ ਉੱਖੜੀ ਆਵਾਜ਼
ਸ਼ਾਇਦ ਇਹ ਮੇਰਾ ਹੀ ਨਾਮ ਸੀ.....
"ਸ਼ਾਇਦ" ਇਸ ਲਈ ਕਿਹਾ ਕਿਉਂ ਕਿ
ਇਹ ਨਾਮ, ਜਿਸਤੋਂ ਮੈਨੂੰ ਸਭ ਬੁਲਾਓਂਦੇ ਨੇ
ਪਹਿਲੀ ਵਾਰ ਸੁਣਿਆ ਹੈ ਉਸ ਦੇ ਮੂੰਹੋਂ
ਪਹਿਲਾਂ ਵਾਂਗ ਉਹਨੇ ਇਸ ਨਾਲ
ਕੋਈ ਪਿਆਰ ਭਿੱਜਿਆ
ਔਂਕੜ, ਬਿਹਾਰੀ ਜਾਂ ਲਾਮ ਨਹੀਂ ਲਾਈ
ਕੀ ਮੈਂ ਅੱਜ ਤੋਂ ਹੀ ਬੇਗਾਨਾ ਹੋਗਿਆ ਹਾਂ ????
ਉਹ ਉੱਠ ਖੜੀ ਹੈ ਪਰ
ਮੇਰਾ ਦਿਲ ਬੈਠ ਗਿਆ ਹੈ
ਉਹਨੂੰ ਤੁਰੀ ਆਓਂਦੀ ਵੇਖ ਕੇ
ਖੁਸ਼ੀ ਨਾਲੋਂ ਕੀਤੇ ਵੱਧ
ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ
ਅੱਜ ਵੀ ਉਹੀ ਖੂੰਡੀ ਉਹਦੇ ਨਾਲ ਹੈ
ਜਿਸਦੀ ਜਗ੍ਹਾ ਮੈਂ ਲੈਣੀ ਚਾਹੁੰਦਾ ਸੀ
ਮੇਰੇ ਸਿਰ 'ਤੇ ਹੱਥ ਰੱਖਿਆ
ਤਾਂ ਲੱਗਿਆ ਮੇਰਾ ਮਨ ਨਿਚੜ ਕੇ
ਮੇਰੀਆਂ ਅਖਾਂ ਰਾਹੀਂ ਵਹਿ ਤੁਰਿਆ
ਪਰ ਉਸਦੇ ਅਗਲੇ ਸ਼ਬਦਾਂ ਨੇ
ਜਾਣੀ ਮੇਰੀਆਂ ਆਂਦਰਾਂ ਹੀ ਖਿੱਚ ਛੱਡੀਆਂ....
"ਤੇਰਾ ਪਿਓ ਆਂਦਾ ਸੀ
ਖੂਨ ਦਿੱਲੀ ਤੱਕ ਹੀ ਲਾਲ ਰਹਿੰਦਾ....
ਦੇਖੀਂ ! ਠੰਡੇ ਮੁਲਕ ਜਾ ਕੇ
ਮੇਰੀ ਬੁੱਕਲ ਦਾ ਨਿੱਘ ਨਾ ਭੁੱਲ ਜਾਵੀਂ......."

No comments:

Post a Comment