Saturday, June 18, 2011

ਉਮੀਦਾਂ

ਰੁੱਖਾਂ ਦੇ ਪਰਛਾਵਿਆਂ ਥੱਲੇ
ਗਵਾਚਿਆਂ ਦੇ ਸਰਨਾਵਿਆਂ ਥੱਲੇ
ਠੋਕ ਕੇ ਕੀਤੇ ਦਾਵਿਆਂ ਥੱਲੇ
ਬੜੀਆਂ ਉਮੀਦਾਂ ਪਲਦੀਆਂ ਨੇ

ਪਾਲਸ਼ ਵਾਲੇ ਡੱਬਿਆਂ ਅੰਦਰ
ਕੱਟੜਤਾ ਤੇ ਖੱਬਿਆਂ ਅੰਦਰ
ਸ਼ਾਹੂਕਾਰਾਂ ਦੇ ਚੱਬਿਆਂ ਅੰਦਰ
ਬੜੀਆਂ ਉਮੀਦਾਂ ਪਲਦੀਆਂ ਨੇ

ਕਿਤੇ ਹੋਂਦ ਬਚਾਓਣ ਵਾਲੀਆਂ
ਕਿਤੇ ਬਦਲਾਓ ਲਿਆਓਣ ਵਾਲੀਆਂ
ਕਿਤੇ ਡੰਗ ਟਪੌਣ ਵਾਲੀਆਂ
ਬੜੀਆਂ ਉਮੀਦਾਂ ਪਲਦੀਆਂ ਨੇ

ਨਲਾਇਕ ਕਈ ਔਲਦਾਂ ਉੱਤੇ
ਸੀਨੇ ਲੱਗੇ ਫੌਲਾਦਾਂ ਉੱਤੇ
ਇਸ਼ਾਰਾ ਉਡੀਕਦੇ ਜਲਲਾਦਾਂ ਉੱਤੇ
ਬੜੀਆਂ ਉਮੀਦਾਂ ਪਲਦੀਆਂ ਨੇ

ਪੱਥਰਾਂ ਅਤੇ ਮੂਰਤਾਂ ਦੁਆਲੇ
ਮਨ-ਭਓਂਦੀਆਂ ਸੂਰਤਾਂ ਦੁਆਲੇ
ਨਿੱਤ ਦੀਆਂ ਕੁੱਝ ਜ਼ਰੂਰਤਾਂ ਦੁਆਲੇ
ਬੜੀਆਂ ਉਮੀਦਾਂ ਪਲਦੀਆਂ ਨੇ

ਉੰਗਲ ਬੁੱਢੇ ਬਾਬੇ ਦੀ ਨਾਲ
ਕੰਮ 'ਤੇ ਰੋਟੀ ਛਾਬੇ ਦੀ ਨਾਲ
ਪੀਣਕ ਲੱਗੀ ਕਾਬੇ ਦੀ ਨਾਲ
ਬੜੀਆਂ ਉਮੀਦਾਂ ਪਲਦੀਆਂ ਨੇ

ਬਾਪੂ ਦਾ ਕਰਜ਼ਾ ਉਤਾਰਣ ਵੇਲੇ
ਜੋੜੀ ਤੋਂ ਪਾਣੀ ਵਾਰਣ ਵੇਲੇ
ਇੱਕ ਡੰਗ ਦੀ (ਰੋਟੀ) ਛੱਡ ਕੇ ਸਾਰਣ ਵੇਲੇ
ਬੜੀਆਂ ਉਮੀਦਾਂ ਪਲਦੀਆਂ ਨੇ

ਬਹਿ ਕੇ ਦੁੱਖੜੇ ਸੁਣਦਾ ਜਦ ਕੋਈ
ਗਿੱਠ ਦਾ ਸਵਾਟਰ ਬੁਣਦਾ ਜਦ ਕੋਈ
ਭੀੜ ਦੇ ਵਿੱਚੋਂ ਚੁਣਦਾ ਜਦ ਕੋਈ
ਬੜੀਆਂ ਉਮੀਦਾਂ ਪਲਦੀਆਂ ਨੇ

ਖੇਤੋਂ ਅੰਬਰੀਂ ਨਿਗ੍ਹਾ ਟਿਕਾਓਣ ਲੱਗਿਆਂ
ਫੁੱਲਾਂ ਨੂੰ ਪਾਣੀ ਲਾਓਣ ਲੱਗਿਆਂ
"ਓ" ਲਿਖਣ ਸਿਖਾਓਣ ਲੱਗਿਆਂ
ਬੜੀਆਂ ਉਮੀਦਾਂ ਪਲਦੀਆਂ ਨੇ

Friday, June 17, 2011

ਨੀਵਾਂ ਰੈਣ-ਬਸੇਰਾ


ਉੱਥੇ ਵਿਹੜਾ ਛੱਤ, ਮਕਾਨ ਬਣਾਓਣਾ
ਸੀ ਝਗੜਾ ਤੇਰਾ ਮੇਰਾ...
ਇੱਥੇ ਉੱਚਾ ਚਾਨਣ, ਉੱਚਾ ਨ੍ਹੇਰਾ
ਨੀਵਾਂ ਰੈਣ-ਬਸੇਰਾ.....

ਚਿੱਟੀ ਧਰਤ ਤੇ ਚਿੱਟਾ ਅੰਬਰ
ਕਾਹਦੀ ਪਰੀ-ਲੋਕ ਇਹ ਦੁਨੀਆ
26ਵੇਂ ਸਾਲ'ਚ ਦੁਖਦੇ ਗੋੱਡੇ
ਨਾ ਦੇਸ ਮੇਰੇ ਕਦੇ ਸੁਣਿਆ
ਤੁਰ ਕੇ ਖੇਤ ਸੀ ਗਾਹ ਛੱਡੀਦਾ
ਜਿੰਨਾ ਨਜ਼ਰ ਮਾਰਦੀ ਘੇਰਾ
ਇੱਥੇ ਉੱਚਾ ਚਾਨਣ, ਉੱਚਾ ਨ੍ਹੇਰਾ
ਨੀਵਾਂ ਰੈਣ-ਬਸੇਰਾ.....

ਕੋਈ ਤਨ ਦਾ ਕੋਈ ਮਨ ਦਾ
ਰੋਗੀ ਹਰ ਇੱਕ ਬੰਦਾ
ਜ਼ਮੀਰਾਂ ਦੇ ਮੁੱਲ ਪਾਈ ਬੈਠੇ
ਸਭ ਦਾ ਇਹੋ ਧੰਦਾ
ਨਿਗ੍ਹਾ ਟਿਕਾਈ ਬੈਠੇ ਜੇਬ ਤੇ
ਕੀ ਤੇਰਾ ਕੀ ਮੇਰਾ
ਇੱਥੇ ਉੱਚਾ ਚਾਨਣ, ਉੱਚਾ ਨ੍ਹੇਰਾ
ਨੀਵਾਂ ਰੈਣ-ਬਸੇਰਾ.....

ਖੁਦ ਚੁਣਿਆ ਸੀ ਦੇਸ ਬਿਗਾਨਾ
ਚਾੜ੍ਹ ਉਮੀਦ ਦੀਆਂ ਬੇਲਾਂ
ਸਹੀ ਆਂਦਾ ਸੀ ਬਾਪੂ
ਤੈਨੂੰ ਮੁਬਾਰਕ ਮਿੱਠੀਆਂ ਜੇਲ੍ਹਾਂ
ਸ਼ਾਇਦ ਦੁਖੜੇ ਬੈਠ ਸੁਣਾ ਨਾ ਪਾਵਾਂ
ਜਦ ਵੀ ਪਾਇਆ ਫੇਰਾ
ਇੱਥੇ ਉੱਚਾ ਚਾਨਣ, ਉੱਚਾ ਨ੍ਹੇਰਾ
ਨੀਵਾਂ ਰੈਣ-ਬਸੇਰਾ...

Tuesday, June 14, 2011

ਮਾਂ

ਵੇਖ ਕਿਸੇ ਸੋਚੀਂ ਡੁੱਬੀ ਨੂੰ
ਫਿਕਰਾਂ ਦੀ ਦਲ-ਦਲ ਖੂਬੀ ਨੂੰ
ਨੀਵੀਂ ਪਾ ਕੇ ਇੰਝ ਬੈਠੀ ਜਾਪੇ
ਜਾਣੀ ਹੰਝੂ ਕੀਤੇ ਲੂਕਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ

ਚੁੱਲ੍ਹੇ 'ਚੋਂ ਧੂਆਂ ਮੁਕਾਓਂਦੀ ਦਿਸਦੀ
ਆਟੇ ਦੀਆਂ ਚਿੜੀਆਂ ਬਣਾਓਂਦੀ ਦਿਸਦੀ
ਮੇਰੇ ਨਿੱਕੇ ਹੱਥਾਂ ਨੂੰ ਪੜੇਥਣ 'ਤੇ ਰੱਖ
ਅੱਖਾਂ ਪੂੰਝੇ ਤੇ ਮੈਨੂੰ ਹਸਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ

ਬਿਠਾਲ ਪੀੜ੍ਹੀ ਤੇ ਚੁਲ੍ਹੇ ਦੇ ਨੇੜੇ
"ਪਹਿਲਾਂ ਮੈਂ ਖਾਉਂ" ਦੇ ਝਗੜੇ ਨਬੇੜੇ
ਵੀਰ ਨੂੰ ਪਹਿਲਾਂ ਰੋਟੀ ਦੇ ਕੇ
ਮੈਨੂੰ ਹੱਥੀਂ ਬੈਠ ਖਵਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ

ਤਪਦਾ ਮੱਥਾ ਪੱਟੀਆਂ ਨਾਲ ਠਾਰੇ
ਮੇਰੇ ਜ਼ਖਮਾ ਤੇ ਫ਼ੂਕਾਂ ਮਾਰੇ
ਹੌਂਕੇ ਭਰਦੀ ਪਾਠ ਪਈ ਕਰਦੀ
ਜਾਣੀ ਸਾਹਾਂ ਦੇ ਤੋਪੇ ਲਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ

ਖੁਰਦਰੇ ਜਿਹੇ ਹੱਥਾਂ ਨਾਲ ਛੋ'ਦੀ
ਖੁਸ਼ ਹੋਵਣ ਲੱਗਿਆਂ ਵੀ ਰੋਂਦੀ
ਲੈ ਗੜਵੀ ਵਿੱਚ ਖੁਸ਼ੀਆਂ ਦੇ ਅੱਥਰੂ
ਸਾਡੀ ਜੋੜੀ ਤੋਂ ਵਾਰੇ ਜਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ

ਦੁਆਵਾਂ ਦੀ ਪੰਡ ਮੋਢੇ ਰੱਖ ਕੇ
ਤੋਰ ਦਿੱਤਾ, ਘਰੋਂ ਹੌਂਕਾ ਭਰ ਕੇ
ਹੰਝੂਆਂ ਨੂੰ... ਖੁਰਦਾ ਬੰਨ ਲਾ ਕੇ
ਪੱਥਰ ਹੋਈ, ਉਹ ਭੁਰਦੀ ਜਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ

ਬੱਚੇ ਘਰ ਆ ਮਾਂ ਨੂੰ ਮਿਲਦੇ
ਮੇਰੀ ਰੂਹ ਦੇ ਖੰਡਰ ਹਿਲਦੇ
ਉਹ ਵੀ ਸ਼ਾਇਦ ਉਡੀਕਦੀ ਮੈਨੂੰ
ਬੂਹੇ 'ਤੇ ਨਿਗ੍ਹਾ ਟੀਕਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ.......

--------ਜੀਵਨ--------

ਦਿਲ ਭਰਿਆ ਭਰਿਆ ਜਾਪੇ

ਸਾਹਾਂ ਨੂੰ ਬੱਝੀ ਗੰਢ ਕਿ
ਦਿਲ ਭਰਿਆ ਭਰਿਆ ਜਾਪੇ
ਤੂੰ ਵੀ ਕੋਈ ਦੁਖੜੇ ਵੰਡ
ਕਿ ਦਿਲ ਭਰਿਆ ਭਰਿਆ ਜਾਪੇ

ਜਜ਼ਬਾਤਾਂ ਦੀ ਚੋਗ ਖਿਲਾਰੀ ਬੈਠਾਂ
ਸਮਾਂ ਪੰਖੇਰੂ ਉਤਾਰੀ ਬੈਠਾਂ
ਮੇਰੀਆਂ ਸੋਚਾਂ ਸੰਗ ਗਿਆ ਰੰਗ
ਕਿ ਦਿਲ ਭਰਿਆ ਭਰਿਆ ਜਾਪੇ
ਤੂੰ ਵੀ ਕੋਈ ਦੁਖੜੇ ਵੰਡ
ਕਿ ਦਿਲ ਭਰਿਆ ਭਰਿਆ ਜਾਪੇ

ਹੂੰਝੀਆਂ ਮਨ ਦੀਆਂ ਡੂੰਗੀਆਂ ਤੈਹਾਂ
ਲੱਭਾਂ ਕਿਸੇ ਦਾ ਸੁੱਖ ਸੁਨੇਹਾਂ
ਮਿਲੀ ਸਧਰਾਂ ਦੀ ਟੁੱਟੀ ਵੰਗ
ਕਿ ਦਿਲ ਭਰਿਆ ਭਰਿਆ ਜਾਪੇ
ਤੂੰ ਵੀ ਕੋਈ ਦੁਖੜੇ ਵੰਡ
ਕਿ ਦਿਲ ਭਰਿਆ ਭਰਿਆ ਜਾਪੇ

ਕੁੱਝ ਸੱਚੇ ਕੁੱਝ ਝੂਠ ਬਣਾਏ
ਚੰਦਰੀ ਸੋਚ ਤੇ ਪਰਦੇ ਪਾਏ
ਸਭ ਦਾ ਆਪਣਾ ਆਪਣਾ ਢੰਗ
ਕਿ ਦਿਲ ਭਰਿਆ ਭਰਿਆ ਜਾਪੇ
ਤੂੰ ਵੀ ਕੋਈ ਦੁਖੜੇ ਵੰਡ
ਕਿ ਦਿਲ ਭਰਿਆ ਭਰਿਆ ਜਾਪੇ

ਕੋਈ ਅਣਜਾਣ ਮੇਰੀ ਕਹਾਣੀ ਸੋਣਾਏ
ਧੁਰ ਅੰਦਰ ਤਕ ਲੈਂਦਾ ਜਾਏ
ਰੂਹ ਤੀਕਰ ਗਿਆ ਡੰਗ
ਕਿ ਦਿਲ ਭਰਿਆ ਭਰਿਆ ਜਾਪੇ
ਤੂੰ ਵੀ ਕੋਈ ਦੁਖੜੇ ਵੰਡ
ਕਿ ਦਿਲ ਭਰਿਆ ਭਰਿਆ ਜਾਪੇ

ਕਿ ਮੇਰਾ ਸਫ਼ਰ ਸੁਖਾਲਾ ਲੰਘ ਜਾਏ

ਆਪਣਿਆਂ ਦੀ ਇਸ ਭੀੜ ਕੋਲੋਂ,
ਇਕ ਸ਼ਖਸ ਨਿਮਾਣਾ ਮੰਗਦਾ ਏ|
ਕੋਈ ਇੱਕ ਹੰਝੂ ਝੋਲੀ ਪਾ ਦੇਵੇ
ਕਿ ਮੇਰਾ ਸਫ਼ਰ ਸੁਖਾਲਾ ਲੰਘ ਜਾਏ|

ਕਈਆਂ ਨੂੰ ਮਿਲਣਾ ਚਾਹੁੰਦਾ ਸੀ,
ਆਖਰੀ ਸਾਹ ਨੂੰ ਸਿਲਣਾ ਚਾਹੁੰਦਾ ਸੀ|
ਜੋ ਕੰਢਿਆਂ 'ਚ ਖਿਲਣਾ ਚਾਹੁੰਦਾ ਸੀ,
ਕੰਢੇ ਪਾਰ ਉਸ 'ਚੋਂ ਲੰਘ ਗਏ|
ਕੋਈ ਇੱਕ ਹੰਝੂ ਝੋਲੀ ਪਾ ਦੇਵੇ
ਕਿ ਮੇਰਾ ਸਫ਼ਰ ਸੁਖਾਲਾ ਲੰਘ ਜਾਏ|

ਕੋਈ ਮੈਨੂੰ ਵੀ ਚਾਹੁੰਦਾ ਸੀ,
ਭਾਵੇਂ ਰੋਕਣਾ ਮੈਨੂੰ ਚਾਹੁੰਦਾ ਨਹੀਂ
ਮੈਂ.., ਜਿਸ ਭਰਮ 'ਚ ਜਿਉਂਦਾ ਸੀ
ਉਹ ਵੀ ਧੁਰ ਮੇਰੇ ਹੀ ਸੰਗ ਜਾਏ
ਕੋਈ ਇੱਕ ਹੰਝੂ ਝੋਲੀ ਪਾ ਦੇਵੇ
ਕਿ ਮੇਰਾ ਸਫ਼ਰ ਸੁਖਾਲਾ ਲੰਘ ਜਾਏ|

ਗਲੀਆਂ ਦੇ ਉਹ ਅਵਾਰਾ ਕੁੱਤੇ,
ਸੋਚੀਏ ਤਾਂ, ਸਾਥੋਂ ਵਧ ਹੀ ਸੁੱਤੇ|
ਕੋਈ ਜਮਾ ਕਰੇ, ਬੈਠੇ ਰਾਖੀ ਉੱਤੇ,
ਫਿਰ ਵੀ ਦੁਨੀਆ ਤੋਂ ਨੰਗ ਜਾਏ|
ਕੋਈ ਇੱਕ ਹੰਝੂ ਝੋਲੀ ਪਾ ਦੇਵੇ
ਕਿ ਮੇਰਾ ਸਫ਼ਰ ਸੁਖਾਲਾ ਲੰਘ ਜਾਏ|

ਕੋਰੇ ਕਾਗਜ਼ 'ਤੇ ਦੁਨੀਆਦਾਰੀ,
ਕੁਝ ਖੁਦ ਬਣੀ, ਕੁਝ ਮੈਂ ਉਸਾਰੀ|
ਉਹ ਲੜਾਈ, ਜੋ ਮੈਂ ਹਾਰੀ
ਕਿਸੇ ਨੂੰ ਜਿੱਤਣ ਦਾ ਢੰਗ ਆਏ|
ਕੋਈ ਇੱਕ ਹੰਝੂ ਝੋਲੀ ਪਾ ਦੇਵੇ
ਕਿ ਮੇਰਾ ਸਫ਼ਰ ਸੁਖਾਲਾ ਲੰਘ ਜਾਏ|

Monday, June 13, 2011

ਮੁਰਦਾ ਬੋਲ ਰਿਹਾ ਹਾਂ


ਤਿੰਨ ਉਂਗਲਾਂ ਰੱਖ ਗੁੱਟ ਉੱਤੇ
ਨਬਜ਼ ਟੋਲ ਰਿਹਾ ਹਾਂ
ਰੂਹ ਨੂੰ ਬੋਲਿਆਂ ਵਰਿਆਂ ਬੀਤੇ
ਅੱਜ ਕੱਲ ਮੁਰਦਾ ਬੋਲ ਰਿਹਾ ਹਾਂ

ਜੋ ਕਹਿਣਾ ਸੀ ਕਹਿ ਨਾ ਪਾਇਆ
ਜੋ ਕਿਹਾ, ਉਹ ਕਹਿਣਾ ਨਾ ਚਾਹਿਆ
ਬਾਕੀ ਉਮਰ ਕੀ ਮੈਂ ਕੀਤਾ ?
ਇਹੀਓ ਟੋਲ ਰਿਹਾ ਹਾਂ
ਰੂਹ ਨੂੰ ਬੋਲਿਆਂ ਵਰਿਆਂ ਬੀਤੇ
ਅੱਜ ਕੱਲ ਮੁਰਦਾ ਬੋਲ ਰਿਹਾ ਹਾਂ

ਬੱਚੇ ਛੋਇਆ ਬਚਪਨ ਜਾ ਬੈਠਾਂ
ਮੋਡਾ ਹਲੁਣਿਆ, ਮੁੜ "ਆ" ਬੈਠਾਂ
ਵਿੱਚ-ਵਿਚਾਲੇ ਦੁਨੀਆ-ਦਾਰੀ
ਭਰ ਭਰ ਢੋਲ ਰਿਹਾ ਹਾਂ
ਰੂਹ ਨੂੰ ਬੋਲਿਆਂ ਵਰਿਆਂ ਬੀਤੇ
ਅੱਜ ਕੱਲ ਮੁਰਦਾ ਬੋਲ ਰਿਹਾ ਹਾਂ

"ਤੁੰ ਬੁਰਾ" ਸਭ ਦੁਨੀਆ ਕਹਿੰਦੀ
ਫੱਟ ਲੱਗੇ ਤੇ ਹੁਣ ਰਤ ਨਾ ਵਹਿੰਦੀ
ਜੋ ਤੂੰ ਨਾ ਮੰਨਿਆ, ਜਿਸ ਤੋਂ ਸਭ ਮੁੱਕਰੇ
ਭੇਦ ਉਹੀਓ ਖੋਲ ਰਿਹਾ ਹਾਂ
ਰੂਹ ਨੂੰ ਬੋਲਿਆਂ ਵਰਿਆਂ ਬੀਤੇ
ਅੱਜ ਕੱਲ ਮੁਰਦਾ ਬੋਲ ਰਿਹਾ ਹਾਂ