ਵੇਖ ਕਿਸੇ ਸੋਚੀਂ ਡੁੱਬੀ ਨੂੰ
ਫਿਕਰਾਂ ਦੀ ਦਲ-ਦਲ ਖੂਬੀ ਨੂੰ
ਨੀਵੀਂ ਪਾ ਕੇ ਇੰਝ ਬੈਠੀ ਜਾਪੇ
ਜਾਣੀ ਹੰਝੂ ਕੀਤੇ ਲੂਕਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ
ਚੁੱਲ੍ਹੇ 'ਚੋਂ ਧੂਆਂ ਮੁਕਾਓਂਦੀ ਦਿਸਦੀ
ਆਟੇ ਦੀਆਂ ਚਿੜੀਆਂ ਬਣਾਓਂਦੀ ਦਿਸਦੀ
ਮੇਰੇ ਨਿੱਕੇ ਹੱਥਾਂ ਨੂੰ ਪੜੇਥਣ 'ਤੇ ਰੱਖ
ਅੱਖਾਂ ਪੂੰਝੇ ਤੇ ਮੈਨੂੰ ਹਸਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ
ਬਿਠਾਲ ਪੀੜ੍ਹੀ ਤੇ ਚੁਲ੍ਹੇ ਦੇ ਨੇੜੇ
"ਪਹਿਲਾਂ ਮੈਂ ਖਾਉਂ" ਦੇ ਝਗੜੇ ਨਬੇੜੇ
ਵੀਰ ਨੂੰ ਪਹਿਲਾਂ ਰੋਟੀ ਦੇ ਕੇ
ਮੈਨੂੰ ਹੱਥੀਂ ਬੈਠ ਖਵਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ
ਤਪਦਾ ਮੱਥਾ ਪੱਟੀਆਂ ਨਾਲ ਠਾਰੇ
ਮੇਰੇ ਜ਼ਖਮਾ ਤੇ ਫ਼ੂਕਾਂ ਮਾਰੇ
ਹੌਂਕੇ ਭਰਦੀ ਪਾਠ ਪਈ ਕਰਦੀ
ਜਾਣੀ ਸਾਹਾਂ ਦੇ ਤੋਪੇ ਲਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ
ਖੁਰਦਰੇ ਜਿਹੇ ਹੱਥਾਂ ਨਾਲ ਛੋ'ਦੀ
ਖੁਸ਼ ਹੋਵਣ ਲੱਗਿਆਂ ਵੀ ਰੋਂਦੀ
ਲੈ ਗੜਵੀ ਵਿੱਚ ਖੁਸ਼ੀਆਂ ਦੇ ਅੱਥਰੂ
ਸਾਡੀ ਜੋੜੀ ਤੋਂ ਵਾਰੇ ਜਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ
ਦੁਆਵਾਂ ਦੀ ਪੰਡ ਮੋਢੇ ਰੱਖ ਕੇ
ਤੋਰ ਦਿੱਤਾ, ਘਰੋਂ ਹੌਂਕਾ ਭਰ ਕੇ
ਹੰਝੂਆਂ ਨੂੰ... ਖੁਰਦਾ ਬੰਨ ਲਾ ਕੇ
ਪੱਥਰ ਹੋਈ, ਉਹ ਭੁਰਦੀ ਜਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ
ਬੱਚੇ ਘਰ ਆ ਮਾਂ ਨੂੰ ਮਿਲਦੇ
ਮੇਰੀ ਰੂਹ ਦੇ ਖੰਡਰ ਹਿਲਦੇ
ਉਹ ਵੀ ਸ਼ਾਇਦ ਉਡੀਕਦੀ ਮੈਨੂੰ
ਬੂਹੇ 'ਤੇ ਨਿਗ੍ਹਾ ਟੀਕਾ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ
ਅੱਜ ਮਾਂ ਬੜੀ ਚੇਤੇ ਆ ਰਹੀ ਆ.......
--------ਜੀਵਨ--------
No comments:
Post a Comment