Thursday, July 28, 2011

ਅਣ-ਗਾਹਿਆ ਸੱਚ

ਝੱਲੇ ਹੋ ਤੁਰ ਪੈਂਦੇ ਨੇ, ਜਦ ਇਸ਼ਕ ਵਿੱਚ ਕਾਲਜਾ ਮੱਚ ਦਾ,
ਨਹੀਂ ਤਾਂ ਮੇਲ ਕੀ ਬਣ ਦਾ ਹੈ, ਨੰਗੇ ਪੈਰ ਤੇ ਕੱਚ ਦਾ|

ਉਹਦੇ ਖੁਦ ਦੇ ਡਰਾਏ ਹੋਏ, ਝੂਠ ਦੇ ਲੜ ਨੇ ਲੱਗ ਬੈਠੇ,
ਮੇਰਾ ਜਿਗਰਾ ਨਹੀਂ ਕਿ ਮੈਂ, ਸੱਚ ਸੁਣ ਸਕਾਂ ਸੱਚ ਦਾ|

ਆਖੋ ਘੂਮਿਆਰ ਤਾਈਂ, ਨਾ ਦਾਣੇ ਸਾੜੇ ਸਰੋਂ ਦੇ ਐਵੇਂ,
ਇਹਨਾ ਝਾਂਵਿਆਂ ਨਾਲ ਕਦੇ, ਮਨ ਦਾ ਮੈਲ ਨਹੀਂ ਲੱਥ ਦਾ|

ਧੂਆਂ ਅਜੇ ਉੱਠ ਰਿਹਾ ਓਥੋਂ, ਤੇ ਉਹ ਲੰਮੀਆਂ ਤਾਂਣ ਸੌਂ ਗਏ ਨੇ,
ਅੰਨੀ ਅੱਗ ਨੂੰ ਨਹੀਂ ਅੰਤਰ, ਫਸਲ ਤੇ ਘਾਹ ਦਾ ਪਤਾ ਲੱਗ ਦਾ|

ਇੱਕ ਪੀੜ੍ਹੀ ਉਡਾਉਣ ਵਾਲੀ, ਇੱਕ ਪੀੜ੍ਹੀ ਕਮਾਓਣ ਵਾਲੀ
ਕਿਤੇ ਹੋਸ਼ ਨਹੀਂ ਰਹਿੰਦਾ, ਕਿਤੇ ਜੋਸ਼ ਨਹੀਂ ਬੱਚ ਦਾ|

ਸੱਚੇ ਹੋਣ ਦੀ ਸੌਂਹ ਖਾਂਦੇ, ਬੰਦ ਕਿਤਾਬਾਂ 'ਤੇ ਹੱਥ ਰੱਖ ਕੇ,
ਖੋਲ ਕੇ ਪੜ੍ਹ ਲਈਆਂ ਹੁੰਦੀਆਂ, ਤਾਂ ਪਤਾ ਮਿਲਦਾ ਅਸਲ ਠੱਗ ਦਾ|

ਮਿਹਣੇ ਮਾਰ ਦੇ ਅੱਜ ਵੀ, ਵੱਢੇ ਬਿਰਖਾਂ ਦੇ ਸੁੱਕੇ ਪੱਤੇ,
ਕਿਸੇ ਬਲਦੇ ਸਿਵੇ ਉੱਤੇ, ਪਤੀਲਾ ਕਿਉਂ ਨਹੀਂ ਰੱਖ ਦਾ ?

Tuesday, July 26, 2011

ਖੂਨ..........ਖੂਨ.........

ਰੋਜ਼ ਵਾਂਗ ਅੱਜ ਵੀ ਕੱਲਾ ਬੈਠਾ ਘਰੋਂ ਕਮ ਕਰ ਰਿਹਾ ਸੀ| ਭੁੱਖ ਲੱਗੀ ਤਾਂ ਸੋਚਿਆ ਅੱਜ ਹਾਟ-ਡਾਗ ਖਾਦਾ ਜਾਵੇ| ਫ੍ਰੀਜ਼ਰ ਵਿੱਚੋਂ ਹਾਟ-ਡਾਗ ਬਾਹਰ ਕੱਢੇ ਤਾਂ ਉਹ ਐਦਾਂ ਜੁੜੇ ਪਏ ਸੀ ਜਿੱਦਾਂ ਲਾਲ ਬੰਬਾਂ ਦਾ ਪੈਕਟ ਹੁੰਦਾ| ਮੈਂ ਜ਼ੋਰ-ਜ਼ੂਰ ਲਾ ਕੇ ਦੇਖਿਆ ਪਰ ਉਹ ਵੱਖ ਨਾ ਹੋਏ...........ਐਨਾ ਪਿਆਰ !!!!! ਏਸ ਜ਼ਮਾਨੇ 'ਚ ???? ਕਮਾਲ ਦੀ ਗੱਲ ਸੀ| ਕਾਸ਼ ਰਿਸ਼ਤੇ ਵੀ ਫ੍ਰੀਜ਼ਰਾਂ 'ਚ ਰੱਖ ਸਕਦੇ ਹੁੰਦੇ| ਖੈਰ ! ਮੈਂ ਆਖਰੀ ਤਰੀਕਾ ਆਪਣਾਓਂਦੇ ਹੋਏ ਚਾਕੂ ਚੱਕ ਲਿਆ| **ਸੋਚਾਂ ਕਿ ਜੇ ਕਿਧਰੇ ਇਸ ਹਾਟ-ਡਾਗ 'ਚ ਜਾਨ ਹੁੰਦੀ ਤਾਂ ਚਾਕੂ ਦੇਖ ਕੇ ਇਹਦਾ ਦਿੱਲ ਵੀ 60 ਦੀ ਸਪੀਡ ਤੇ ਜਾਂਦੀ ਪੁਰਾਣੀ ਰੋਡਵੇਜ਼ ਦੀ ਬੱਸ ਦੀ ਬਾਰੀ ਵਾਂਗ ਧੜਕ-ਧੜਕ ਕਰਦਾ ਹੋਣਾ ਸੀ| ਭੁੱਖ ਨੇ ਕਾਹਲੀ ਦਾ ਥੱਪੜ ਮਾਰ ਕੇ ਮੁੱਦੇ ਦੀ ਗੱਲ ਤੇ ਲਿਆਂਦਾ ਤੇ ਢਿੱਢ ਵਿੱਚੋਂ ਐਦਾਂ ਦੀ ਆਵਾਜ਼ ਕੱਢੀ ਜਿੱਦਾਂ ਰਾਮਸੇ ਬ੍ਰਦਰਜ਼ ਦੀ ਡਰਾਓਣੀ ਫਿਲਮ ਵਿੱਚ ਦਰਵਾਜਾ ਖੁੱਲ ਰਿਹਾ ਹੁੰਦਾ|
ਪਰ ਮੈਂ ਜਿੱਦਾਂ ਹੀ ਹਾਟ-ਡਾਗਜ਼ ਦੇ ਦੋ ਜਿਸਮ ਇਕ ਜਾਨ ਨੂੰ ਵੱਖ ਕਰਨ ਲਈ ਚਾਕੂ 'ਤੇ ਪੰਜਾਬੀ ਡੌਲਿਆਂ ਦਾ ਜ਼ੋਰ ਦਿਖਾਇਆ............ਚਾਕੂ ਦੀ ਨੋਕ ਮੇਰੀ ਉੰਗਲ ਦੇ ਪੋਟੇ ਵਿੱਚ ਧੱਸ ਗਈ| ਘਰ ਵਿੱਚ ਕੱਲਾ ਹੋਣ ਕਰਕੇ ਆਪਾਂ ਲੇਰਾਂ ਵੀ ਰੂਹ ਨਾਲ ਮਾਰੀਆਂ| ਉੰਗਲ ਅਤੇ ਚਾਕੂ ਦੋਹੇ ਖੂਨ ਨਾਲ ਲੱਥ-ਪੱਥ ਪਰ ਹਾਟ-ਡਾਗ ਨੇ ਹਾਲੇ ਵੀ ਘੁੱਟ ਕੇ ਗਲ ਵੱਕੜੀ ਪਾਈ ਹੋਈ ਸੀ| ਬੰਦੇ ਦੀ ਮਾਨੋ-ਦਸ਼ਾ ਦੇਖੋ......ਮੈਨੂੰ ਐਦਾਂ ਲੱਗੇ ਜਿਵੇਂ ਅਗਲੇ ਚਾਰ ਹਾਟ-ਡਾਗਜ਼ ਵਿੱਚੋਂ ਤਿੰਨ ਮੁੜੇ ਹੋਏ ਹੋਣ ਤੇ ਇੱਕ ਮੈਨੂੰ ਗੋਰਿਆਂ ਦੇ ਦੇਸ ਆਓਣ 'ਤੇ ਵੈਲਕਮ ਕਹਿ ਰਿਹਾ ਹੋਵੇ| ਚਿੱਤ ਤਾਂ ਕਰੇ ਵੀ ਸਾਲਿਆਂ ਨੂੰ ਉਬਲਦੇ ਪਾਣੀ 'ਚ ਚੱਕ ਮਾਰਾਂ|
ਮੈਂ ਉੰਗਲ ਨੂੰ ਧੋ ਕੇ ਉੱਪਰ ਰੂੰ ਦਾ ਫੰਬਾ ਰੱਖ ਲਿਆ| ਅਚਾਨਕ ਲੱਗਿਆ ਜਿਵੇਂ ਚੱਕਰ ਆ ਰਿਹਾ ਹੁੰਦਾ| ਸੋਚਾਂ ਮਨਾ ਐਨੇ ਮਾੜੇ ਹਾਲ.......... ਐਨਾ ਸੋਹਲ ਸਰੀਰ......ਪਹਿਲਾਂ ਤਾਂ ਨਹੀਂ ਸੀ.......ਜਿੰਨਾ ਖੂਨ ਨਿੱਕਲਿਆ ਜੇ ਟੂਟੀ ਥੱਲੇ ਨਾ ਕਰਦਾ ਤਾਂ ਸ਼ਾਇਦ ਪਹਿਲਾਂ ਹੀ ਭਾਫ ਬਣ ਕੇ ਉੱਡ ਜਾਂਦਾ| ਫੇਰ ਸੋਚਿਆ ਸ਼ਾਇਦ ਜਿਆਦਾ ਭੁੱਖ ਲੱਗਣ ਕਰਕੇ ਹੋਣਾ|
ਮੈਂ ਕੁਰਸੀ ਤੇ ਬੈਠ ਗਿਆ ਤੇ ਜਿੱਦਾਂ ਹੀ ਜਖਮ ਦੇਖਣ ਲਈ ਰੂੰ ਚੱਕੀ ਤਾਂ ਇਕ ਦੱਮ ਹੈਰਾਨੀ ਜਿਹੀ ਹੋਈ........ਰੂੰ ਉੱਤੇ ਖੂਨ ਦਾ ਰੰਗ ਐਨਾ ਗੂੜਾ ਲੱਗਿਆ ਜਿੱਦਾਂ ਕਾਲਾ ਹੋਵੇ.......ਸ਼ਾਇਦ ਸੁੱਕ ਕੇ ਹੋਗਿਆ ਹੋਣਾ ਪਰ ਮੇਰਾ ਹਾਸਾ ਨਿੱਕਲ ਗਿਆ.......... ਸੋਚਾਂ ਬੇਬੇ ਨੂੰ ਇੰਡੀਆ ਫੋਨ ਕਰ ਕੇ ਆਖਾਂ
"ਬਾਪੂ ਸਹੀ ਕਹਿੰਦਾ ਸੀ........ਖੂਨ ਦਿੱਲੀ ਤੱਕ ਹੀ ਲਾਲ ਰਹਿੰਦਾ..........."

**ਕੱਲਾ ਬੰਦਾ ਅਕਸਰ ਆਪਣੇ ਆਲੇ ਦੁਆਲੇ ਦੀਆਂ ਨਿਰ-ਜੀਵ ਚੀਜਾਂ ਵਿੱਚ ਜਾਨ ਫੂਕਣ ਦੀ ਸਮਰਥਾ ਰੱਖਦਾ ਹੈ|

Monday, July 25, 2011

ਐਨੇ ਪੈਸੇ... ਕਿ....

ਮੈਂ ਪੈਸੇ ਕਮਾਓਣੇ ਚਾਹੁੰਦਾ ਹਾਂ
ਬਹੁਤ ਸਾਰੇ ਪੈਸੇ
ਐਨੇ ਪੈਸੇ..... ਕਿ ਆਪਣੀਆਂ
ਲੋੜਾਂ ਦੀ ਪਰਿਭਾਸ਼ਾ ਵੀ
ਖਰੀਦ ਸਕਾਂ.....
ਐਨੇ ਪੈਸੇ...... ਕਿ ਸ਼ੀਸ਼ੇ ਅੱਗੇ
ਖਲੋ ਕੇ... ਇਹਨਾਂ ਨੂੰ ਸਾੜ ਸਕਾਂ
ਤੇ ਪੜ੍ਹ ਸਕਾਂ
ਆਪਣੇ ਚਿਹਰੇ ਦੀ ਸਚਾਈ
ਤਾਂ ਕਿ ਦੁਬਾਰਾ ਸ਼ੀਸ਼ੇ ਦਾ ਪਾਣੀ
ਖ਼ਰਾਬ ਹੋਣ ਦੀ ਗੱਲ ਨਾ ਕਹਾਂ
ਐਨਾ ਪੈਸਾ.....ਕਿ ਮੂੰਹ ਮੁੜ ਜਾਵੇ
ਤੇ ਮੈਂ ਮੁੜ ਜਾਵਾਂ ਉੱਥੇ
ਜਿਥੋਂ ਹੋਇਆ ਇਹ ਸਭ ਸ਼ੁਰੂ
ਮੁੜ ਕੇ ਜਾਵਾਂ ਉਸ ਲਾਗੀ ਕੋਲ
ਜੋ ਸੇਰ ਕਣਕ ਪਿੱਛੇ
ਮੈਨੂੰ ਨਰਖ ਭੋਗਣ ਦੀਆਂ
ਦੋਆਵਾਂ ਦੇ ਗਿਆ
ਮੁੜ ਕੇ ਜਾਵਾਂ ਆਪਣੀ ਮਾਂ ਕੋਲ
ਜੋ ਖੁੱਦ ਤੇ ਬੀਤਣ ਵਾਲੇ
ਦੁੱਖ ਜਾਣਦੀ ਹੋਈ ਵੀ
ਮੈਨੂੰ ਵੱਡਾ "ਹੋਣ" ਤੇ ਵੱਡਾ "ਬਣਨ"
ਦਾ ਅੰਤਰ ਨਾ ਦੱਸ ਸਕੀ
ਮੁੜ ਕੇ ਜਾਵਾਂ ਆਪਣੇ ਬਾਪ ਕੋਲ
ਜਿਸ ਨੇ ਅੱਖਾਂ ਚੁਰਾ ਕੇ
ਆਪਣੇ ਸਿਰੋਂ ਉਮੀਦਾਂ ਦੀ ਭਾਰੀ ਭੰਡ
ਚੱਕ ਮੇਰੇ ਸਿਰ ਰੱਖ ਦਿੱਤੀ
ਮੁੜ ਕੇ ਜਾਵਾਂ ਉਸ ਮਾਸਟਰ ਕੋਲ
ਜਿਸਨੇ ਨੰਬਰ ਪੜਾਓਣ ਲਈ ਵੀ
ਰਕਮਾਂ ਦੀਆਂ ਹੀ ਉਧਾਰਨਾ ਦਿੱਤੀਆਂ
ਤੇ ਫਿਰ ਸਭ ਨੂੰ ਪੁੱਛਾਂ
ਕਿਉਂ ਕੀਤਾ ਮੇਰੇ ਨਾਲ ਐਦਾਂ ???
ਕਿਉਂ ਸਭ ਕੁੱਝ ਜਾਣਦੇ ਹੋਏ ਵੀ
ਮੈਨੂੰ ਇਸ ਅੱਗ 'ਚ ਝੁਲਸਣ
ਲਈ ਕਿਹਾ......?????
ਕੀ ਮੇਰੇ ਨਿੱਕੇ ਜਿਹੇ ਹੱਸਦੇ
ਚਿਹਰੇ 'ਤੇ ਕਾਲਾ ਟਿੱਕਾ ਲਾ ਦੇਣਾ
ਕਾਫੀ ਨਹੀਂ ਸੀ ??????

Tuesday, July 19, 2011

Thank You "ਯਾਦਵ"

ਕਨੇਡਾ ਵਿੱਚ ਸੰਤਰੇ ਤੇ ਕਿੰਨੂੰ ਬੜੇ ਸਵਾਦ ਮਿਲਦੇ ਨੇ| ਮੈਂ ਐਦਾਂ ਦਾ ਸਵਾਦ ਕਦੇ ਪੰਜਾਬ ਵਿੱਚ ਰਹਿ ਕੇ ਨਹੀਂ ਚਖਿਆ ਸੀ| ਸ਼ਾਇਦ ਪੰਜਾਬ ਵਾਲੇ ਕੰਮ ਦਾ ਸਾਰਾ ਹੀ ਸਮਾਨ export ਕਰ ਦਿੰਦੇ ਨੇ|ਪਰ ਮੈਨੂੰ ਇਹਨੂੰ ਛਿੱਲ ਕੇ ਖਾਣਾ ਤੇ ਮੂੰਹ ਚੋਂ ਬੀਅ ਕੱਢਣੇ ਬੜਾ ਔਖਾ ਤੇ ਅਜੀਬ ਲਗਦਾ ਸੀ| ਬੀਆ ਵਾਲਾ ਸਿਆਪਾ ਕਨੇਡਾ ਵਾਲਿਆਂ ਨੇ ਉੱਕਾ ਹੀ ਖ਼ਤਮ ਕਰਤਾ| ਪੂਰੀ ਫਾੜੀ ਨੂੰ ਜਾੜਾਂ ਦੇ ਹਵਾਲੇ ਕਰਕੇ ਹੁਣ ਕਿਸੇ ਵੀ ਅਵਾਜ ਦੀ ਕੋਈ ਉਮੀਦ ਨਹੀਂ ਹੁੰਦੀ; ਨਹੀਂ ਤਾਂ ਰੱਸ ਦਾ ਸਵਾਦ ਤਾਂ ਖਰਾਬ ਹੁੰਦਾ ਹੀ ਸੀ ਤੇ ਬੀਅ ਟੁੱਟਣ ਦੀ ਅਵਾਜ ਨਾਲ ਮੇਰੇ ਵਰਗਾ ਮੂੰਹ 'ਚ ਉਂਗਲਾਂ ਪਾ ਕੇ ਇਹੀ ਦੇਖਦਾ ਰਹਿੰਦਾ ਸੀ ਵੀ ਕੀਤੇ ਜਾੜ੍ ਸ਼ਹੀਦੀ ਤਾਂ ਨਹੀਂ ਪ੍ਰਾਪਤ ਕਰ ਗਈ| ਖੈਰ ਬੀਅ ਵਾਲਾ ਯੁੱਧ ਤਾਂ ਆਪਾਂ ਲੜਾਈ ਦਾ ਮੈਦਾਨ ਬਦਲ ਕੇ ਜਿੱਤ ਲਿਆ ਹੁਣ ਬਚਿਆ ਛਿੱਲਣ ਵਾਲਾ ਮਹਾਂ-ਭਾਰਤ| ਇੱਕ ਦੋ ਵਾਰ ਤਾਂ ਆਪਾਂ ਉਹੀ ਪੁਰਾਣਾ ਤਰੀਕਾ ਚਲਾਇਆ, ਅੰਗੂਠੇ ਦੇ ਨਹੁੰ ਨੂੰ ਸੰਤਰੇ ਦੀ ਟਿੰਡ 'ਚ ਵਾੜ ਕੇ ਵਿਚਾਰੇ ਦੀ ਲਾ-ਪਾ ਕਰ ਦੇਣੀ| ਪਰ ਇਸ ਤਰਾਂ ਸੰਤਰੇ ਦਾ ਸਵਾਦ ਤਾਂ ਲਿਆ ਜਾਂਦਾ ਪਰ ਕਿੰਨੂੰ...?????? ਮੈਨੂੰ ਲਗਦਾ ਐਨਾ ਔਖਾ ਕਸਾਈ ਨੂੰ ਮੁਰਗਾ ਵੱਢਣ ਲੱਗੇ ਨਹੀਂ ਲਗਦਾ ਹੋਣਾ ਜਿੰਨਾ ਮੇਰੇ ਵਰਗੇ ਨੂੰ ਕਿੰਨੂੰ ਛਿੱਲਣ ਲੱਗੇ ਲੱਗਦਾ|ਇੱਕ-ਦੋ ਮਿੰਟਾਂ ਬਾਅਦ ਤਾਂ ਕਿੰਨੂੰ ਦੀ ਦੁਰਦਸ਼ਾ ਤੇ ਤਰਸ ਹੀ ਆਓਣ ਲੱਗ ਪੈਂਦਾ; ਬੇਚਾਰਾ ! ਜਾਨ ਤੋਂ ਵੀ ਗਿਆ ਤੇ ਮੈਨੂੰ (ਪਾਪੀ ਨੂੰ) ਸਵਾਦ ਵੀ ਨਹੀਂ ਆਇਆ| ਫਿਰ ਇੱਕ ਦਿਨ ਮੇਜ ਤੇ ਪਏ ਕਿੰਨੂੰ ਨੂੰ ਤਰਸੀਆਂ ਨਜ਼ਰਾਂ ਨਾਲ ਵੇਖਦੇ ਵੇਖਦੇ ਮੈਨੂੰ "ਯਾਦਵ" ਯਾਦ ਆਗਿਆ|

ਯਾਦਵ ਬੜਾ ਸ਼ਾਤਰ ਬੰਦਾ ਹੈ| ਉਹ ਚੰਡੀਗੜ੍ਹ (ਸੈਕਟਰ 34) ਵੇਰਕਾ ਵਾਲੀ ਬਿਲਡਿੰਗ ਵਿੱਚ ਛੋਟੀ ਜਿਹੀ ਜੂਸ ਦੀ ਦੁਕਾਨ ਚਲਓਂਦਾ ਸੀ| ਮੈਂ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਉਹ ਵੀ ਉਸੇ ਬਿਲਡਿੰਗ 'ਚ ਸੀ| ਸਾਡੇ ਦੇਖਦੇ ਦੇਖਦੇ ਹੀ ਉਹਨੇ ਜੂਸ ਦੇ ਨਾਲ ਨਾਲ ਤੰਮਬਾਕੂ / ਬੀੜੀ / ਸਿਗਰਟ ਆਦਿ ਵੀ ਵੇਚਣੇ ਸ਼ੁਰੂ ਕਰਤੇ| ਕੰਪਨੀਆਂ 'ਚ ਕੰਮ ਕਰਦੇ ਮੁੰਡੇ ਸਾਬ੍ਹ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਯਾਦਵ ਤੋਂ ਧੂਆਂ ਮਾਰ ਜਾਦੂ ਦੀ ਛੜੀ ਲੈ ਕੇ 5 ਮਿੰਟਾਂ ਦੀ ਖੁਦਕੁਸ਼ੀ ਕਰ ਲੈਂਦੇ ਤੇ ਦੇਖਦੇ ਦੇਖਦੇ ਯਾਦਵ ਦੀ ਟਰਨ-ਓਵਰ ਸਾਡੀ ਕੰਪਨੀ ਨਾਲੋਂ ਜ਼ਿਆਦਾ ਹੋਗੀ| ਸਾਡੀ ਵਿਹਲਿਆਂ ਦੀ ਇੱਕ ਪੰਚਾਇਤ ਉਹਦੇ ਕੋਲ ਜੂਸ-ਜਾਸ ਪੀਂਦੀ ਰਹਿੰਦੀ ਸੀ| ਮੈਂ ਇੱਕ ਦਿਨ ਉਹਨੂੰ ਸ਼ੂਗਲ 'ਚ ਪੁਛਿਆ ਕਿ ਯਾਦਵ ! ਜੇ ਤੂੰ ਐਦਾਂ ਹੀ ਛਿੱਲ ਲਾਹੀ ਗਿਆ ਤਾਂ ਇੱਕ ਦਿਨ ਪੂਰੇ 34 (ਸੈਕਟਰ) ਤੇ ਕਬਜਾ ਕਰ ਲੈਣਾ| ਯਾਦਵ ਨੇ ਖਚਰਾ ਜਿਹਾ ਹਾਸਾ ਹੱਸ ਕੇ ਕਿੰਨੂੰ ਫੜਿਆ ਤੇ ਚਾਕੂ ਨਾਲ ਉਹਦਾ ਉਪਰਲਾ ਤੇ ਹੇਠਲਾ ਹਿੱਸਾ ਲਾ ਮਾਰਿਆ ਤੇ ਮੇਰੇ ਵੱਲ ਟੇਡੀ ਜਿਹੀ ਨਿਗ੍ਹਾ ਮਾਰ ਕੇ ਕਹਿੰਦਾ " ਜੀ ! ਮੌਕਾ ਤੋ ਮਿਲੇ.............." ਨਾਲ ਹੀ ਪਤੰਦਰ ਨੇ ਕਿੰਨੂੰ ਦੇ ਛਿਲਕੇ ਤੇ 6 ਫਾੜੀ ਨੁਮਾ ਕੱਟ ਮਾਰੇ ਤੇ ਅੱਖ ਝੱਪਕਣ ਤੋਂ ਪਹਿਲਾਂ ਹੀ ਛਿਲਕਾ ਲਾਹ ਮਾਰਿਆ|

ਲਓ ਜੀ ! ਆਪਾਂ ਨੂੰ ਫੁਰਗੀ| ਚੱਕਿਆ ਚਾਕੂ, ਕਿੰਨੂੰ ਨੂੰ ਇੱਕ ਬੇਦਰਦ ਝਾਕ ਦਿੱਤੀ ਤੇ 2 ਮਿੰਟਾਂ 'ਚ ਛਿਲਕਾ..... ਉਹ ਗਿਆ ! ਉਹ ਗਿਆ ! ਉਹ ਗਿਆ !| ਆਖਰ ਯਾਦਵ ਸਦਕਾ ਇਹ ਕਿਲਾ ਵੀ ਫਤਿਹ ਹੋਇਆ| ਮਿੱਠੇ ਰੱਸ ਦੀ ਘੁੱਟ ਭਰਦੇ ਹੋਏ ਆਪਾਂ ਯਾਦਵ ਨੂੰ ਅਸੀਸ ਵਗਾਹ ਮਾਰੀ.................

"ਜਾਹ ਯਾਦਵਾ ! ਲੁੱਟਲਾ ਚੰਡੀਗੜ......ਪੱਟ ਲਾ ਜਿਹੜੀਆਂ ਜਵਾਨੀਆਂ ਪੱਟੀਆਂ ਜਾਂਦੀਆਂ...........ਜੇ ਤੇਰਾ ਢਿੱਡ ਭੱਰਜੇ"

Monday, July 11, 2011

ਰੱਬ

ਕਿਸੇ ਰੂਹਾਨੀ ਛਾਂ ਵਾਸਤੇ, ਸੀ ਇਹ ਬੂਟਾ ਲਾਇਆ
ਸਿਰਫਿਰੇ ਫਲ ਦੇ ਲੋਭੀਆਂ, ਇਹਨੂੰ ਵੱਢ ਮੁਕਾਇਆ

ਚਲੋ ਆਪਣਾ ਆਪਣਾ ਵੰਡਿਆ, ਹੁਣ ਇਹਨੂੰ ਖਾਂਦੇ ਕਿਓਂ ਨਹੀਂ ?
ਬਜ਼ਾਰੀਂ ਤੂਹੀ ਫਿਰਦੇ, ਓਏ ! ਇਥੋਂ ਜਾਂਦੇ ਕਿਓਂ ਨਹੀਂ ?

ਮੇਰਾ ਕਲੇਜਾ ਮੂੰਹ ਨੂੰ ਆਂਵਦਾ, ਉਹ ਕੋਈ ਇਹਨੂੰ ਢੱਕਦੋ
ਖੂਨੋ-ਖੂਨ ਪਿਆ ਰੋਂਵਦਾ, ਮੇਰੇ ਰੱਬ ਨੁੰ ਛੱਡ ਦੋ

ਤੁਸੀਂ ਸਕੇ ਹੋਂ ਕਿਸਦੇ ਹੁੰਦੂਓ, ਮੁਸਲਮ ਤੇ ਸਿੱਖੋ ?
ਜਿਸਦੀ ਧੌਣ ਵੱਢੀ ਫਿਰਦੇ, ਉਸਦਾ ਮੁੱਖ ਤਾਂ ਡਿੱਠੋ

ਭੁੱਖੇ ਸੀ ਤਾਂ ਚੰਦਰਿਓ ਉਹਦੀ ਰਹਿਮਤ ਵੰਡ ਦੇ
ਪੱਥਰ ਚਿਣ ਚਿਣ ਦੱਬਤਾ, ਤੁਹਾਡੇ ਹੱਥ ਨਹੀਂ ਕੰਬਦੇ

ਬਾਬਾ ਆਂਦਾ ਸੀ ਰੱਬ ਤਾਂ ਤੇਰੀ ਰੂਹ 'ਚ ਵਸਿਆ
ਇਹਨਾ ਇਮਾਰਤਾਂ ਰੱਸੇ ਪਾ ਲਏ, ਜਿਓਂ ਜਾਵੇ ਨੱਸਿਆ

ਹੱਸਦੇ ਵੱਸਦੇ ਸੀ ਮਿੱਤਰਾ, ਦੁਨੀਆ ਨੇ ਖਾਲਿਆ
ਆਪਣਾ ਆਪਣਾ ਵੰਡ ਕੇ ਰੱਬ ਬੋਝੇ ਪਾਲਿਆ.....

------------ਜੀਵਨ------------