ਕਨੇਡਾ ਵਿੱਚ ਸੰਤਰੇ ਤੇ ਕਿੰਨੂੰ ਬੜੇ ਸਵਾਦ ਮਿਲਦੇ ਨੇ| ਮੈਂ ਐਦਾਂ ਦਾ ਸਵਾਦ ਕਦੇ ਪੰਜਾਬ ਵਿੱਚ ਰਹਿ ਕੇ ਨਹੀਂ ਚਖਿਆ ਸੀ| ਸ਼ਾਇਦ ਪੰਜਾਬ ਵਾਲੇ ਕੰਮ ਦਾ ਸਾਰਾ ਹੀ ਸਮਾਨ export ਕਰ ਦਿੰਦੇ ਨੇ|ਪਰ ਮੈਨੂੰ ਇਹਨੂੰ ਛਿੱਲ ਕੇ ਖਾਣਾ ਤੇ ਮੂੰਹ ਚੋਂ ਬੀਅ ਕੱਢਣੇ ਬੜਾ ਔਖਾ ਤੇ ਅਜੀਬ ਲਗਦਾ ਸੀ| ਬੀਆ ਵਾਲਾ ਸਿਆਪਾ ਕਨੇਡਾ ਵਾਲਿਆਂ ਨੇ ਉੱਕਾ ਹੀ ਖ਼ਤਮ ਕਰਤਾ| ਪੂਰੀ ਫਾੜੀ ਨੂੰ ਜਾੜਾਂ ਦੇ ਹਵਾਲੇ ਕਰਕੇ ਹੁਣ ਕਿਸੇ ਵੀ ਅਵਾਜ ਦੀ ਕੋਈ ਉਮੀਦ ਨਹੀਂ ਹੁੰਦੀ; ਨਹੀਂ ਤਾਂ ਰੱਸ ਦਾ ਸਵਾਦ ਤਾਂ ਖਰਾਬ ਹੁੰਦਾ ਹੀ ਸੀ ਤੇ ਬੀਅ ਟੁੱਟਣ ਦੀ ਅਵਾਜ ਨਾਲ ਮੇਰੇ ਵਰਗਾ ਮੂੰਹ 'ਚ ਉਂਗਲਾਂ ਪਾ ਕੇ ਇਹੀ ਦੇਖਦਾ ਰਹਿੰਦਾ ਸੀ ਵੀ ਕੀਤੇ ਜਾੜ੍ ਸ਼ਹੀਦੀ ਤਾਂ ਨਹੀਂ ਪ੍ਰਾਪਤ ਕਰ ਗਈ| ਖੈਰ ਬੀਅ ਵਾਲਾ ਯੁੱਧ ਤਾਂ ਆਪਾਂ ਲੜਾਈ ਦਾ ਮੈਦਾਨ ਬਦਲ ਕੇ ਜਿੱਤ ਲਿਆ ਹੁਣ ਬਚਿਆ ਛਿੱਲਣ ਵਾਲਾ ਮਹਾਂ-ਭਾਰਤ| ਇੱਕ ਦੋ ਵਾਰ ਤਾਂ ਆਪਾਂ ਉਹੀ ਪੁਰਾਣਾ ਤਰੀਕਾ ਚਲਾਇਆ, ਅੰਗੂਠੇ ਦੇ ਨਹੁੰ ਨੂੰ ਸੰਤਰੇ ਦੀ ਟਿੰਡ 'ਚ ਵਾੜ ਕੇ ਵਿਚਾਰੇ ਦੀ ਲਾ-ਪਾ ਕਰ ਦੇਣੀ| ਪਰ ਇਸ ਤਰਾਂ ਸੰਤਰੇ ਦਾ ਸਵਾਦ ਤਾਂ ਲਿਆ ਜਾਂਦਾ ਪਰ ਕਿੰਨੂੰ...?????? ਮੈਨੂੰ ਲਗਦਾ ਐਨਾ ਔਖਾ ਕਸਾਈ ਨੂੰ ਮੁਰਗਾ ਵੱਢਣ ਲੱਗੇ ਨਹੀਂ ਲਗਦਾ ਹੋਣਾ ਜਿੰਨਾ ਮੇਰੇ ਵਰਗੇ ਨੂੰ ਕਿੰਨੂੰ ਛਿੱਲਣ ਲੱਗੇ ਲੱਗਦਾ|ਇੱਕ-ਦੋ ਮਿੰਟਾਂ ਬਾਅਦ ਤਾਂ ਕਿੰਨੂੰ ਦੀ ਦੁਰਦਸ਼ਾ ਤੇ ਤਰਸ ਹੀ ਆਓਣ ਲੱਗ ਪੈਂਦਾ; ਬੇਚਾਰਾ ! ਜਾਨ ਤੋਂ ਵੀ ਗਿਆ ਤੇ ਮੈਨੂੰ (ਪਾਪੀ ਨੂੰ) ਸਵਾਦ ਵੀ ਨਹੀਂ ਆਇਆ| ਫਿਰ ਇੱਕ ਦਿਨ ਮੇਜ ਤੇ ਪਏ ਕਿੰਨੂੰ ਨੂੰ ਤਰਸੀਆਂ ਨਜ਼ਰਾਂ ਨਾਲ ਵੇਖਦੇ ਵੇਖਦੇ ਮੈਨੂੰ "ਯਾਦਵ" ਯਾਦ ਆਗਿਆ|
ਯਾਦਵ ਬੜਾ ਸ਼ਾਤਰ ਬੰਦਾ ਹੈ| ਉਹ ਚੰਡੀਗੜ੍ਹ (ਸੈਕਟਰ 34) ਵੇਰਕਾ ਵਾਲੀ ਬਿਲਡਿੰਗ ਵਿੱਚ ਛੋਟੀ ਜਿਹੀ ਜੂਸ ਦੀ ਦੁਕਾਨ ਚਲਓਂਦਾ ਸੀ| ਮੈਂ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਉਹ ਵੀ ਉਸੇ ਬਿਲਡਿੰਗ 'ਚ ਸੀ| ਸਾਡੇ ਦੇਖਦੇ ਦੇਖਦੇ ਹੀ ਉਹਨੇ ਜੂਸ ਦੇ ਨਾਲ ਨਾਲ ਤੰਮਬਾਕੂ / ਬੀੜੀ / ਸਿਗਰਟ ਆਦਿ ਵੀ ਵੇਚਣੇ ਸ਼ੁਰੂ ਕਰਤੇ| ਕੰਪਨੀਆਂ 'ਚ ਕੰਮ ਕਰਦੇ ਮੁੰਡੇ ਸਾਬ੍ਹ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਯਾਦਵ ਤੋਂ ਧੂਆਂ ਮਾਰ ਜਾਦੂ ਦੀ ਛੜੀ ਲੈ ਕੇ 5 ਮਿੰਟਾਂ ਦੀ ਖੁਦਕੁਸ਼ੀ ਕਰ ਲੈਂਦੇ ਤੇ ਦੇਖਦੇ ਦੇਖਦੇ ਯਾਦਵ ਦੀ ਟਰਨ-ਓਵਰ ਸਾਡੀ ਕੰਪਨੀ ਨਾਲੋਂ ਜ਼ਿਆਦਾ ਹੋਗੀ| ਸਾਡੀ ਵਿਹਲਿਆਂ ਦੀ ਇੱਕ ਪੰਚਾਇਤ ਉਹਦੇ ਕੋਲ ਜੂਸ-ਜਾਸ ਪੀਂਦੀ ਰਹਿੰਦੀ ਸੀ| ਮੈਂ ਇੱਕ ਦਿਨ ਉਹਨੂੰ ਸ਼ੂਗਲ 'ਚ ਪੁਛਿਆ ਕਿ ਯਾਦਵ ! ਜੇ ਤੂੰ ਐਦਾਂ ਹੀ ਛਿੱਲ ਲਾਹੀ ਗਿਆ ਤਾਂ ਇੱਕ ਦਿਨ ਪੂਰੇ 34 (ਸੈਕਟਰ) ਤੇ ਕਬਜਾ ਕਰ ਲੈਣਾ| ਯਾਦਵ ਨੇ ਖਚਰਾ ਜਿਹਾ ਹਾਸਾ ਹੱਸ ਕੇ ਕਿੰਨੂੰ ਫੜਿਆ ਤੇ ਚਾਕੂ ਨਾਲ ਉਹਦਾ ਉਪਰਲਾ ਤੇ ਹੇਠਲਾ ਹਿੱਸਾ ਲਾ ਮਾਰਿਆ ਤੇ ਮੇਰੇ ਵੱਲ ਟੇਡੀ ਜਿਹੀ ਨਿਗ੍ਹਾ ਮਾਰ ਕੇ ਕਹਿੰਦਾ " ਜੀ ! ਮੌਕਾ ਤੋ ਮਿਲੇ.............." ਨਾਲ ਹੀ ਪਤੰਦਰ ਨੇ ਕਿੰਨੂੰ ਦੇ ਛਿਲਕੇ ਤੇ 6 ਫਾੜੀ ਨੁਮਾ ਕੱਟ ਮਾਰੇ ਤੇ ਅੱਖ ਝੱਪਕਣ ਤੋਂ ਪਹਿਲਾਂ ਹੀ ਛਿਲਕਾ ਲਾਹ ਮਾਰਿਆ|
ਲਓ ਜੀ ! ਆਪਾਂ ਨੂੰ ਫੁਰਗੀ| ਚੱਕਿਆ ਚਾਕੂ, ਕਿੰਨੂੰ ਨੂੰ ਇੱਕ ਬੇਦਰਦ ਝਾਕ ਦਿੱਤੀ ਤੇ 2 ਮਿੰਟਾਂ 'ਚ ਛਿਲਕਾ..... ਉਹ ਗਿਆ ! ਉਹ ਗਿਆ ! ਉਹ ਗਿਆ !| ਆਖਰ ਯਾਦਵ ਸਦਕਾ ਇਹ ਕਿਲਾ ਵੀ ਫਤਿਹ ਹੋਇਆ| ਮਿੱਠੇ ਰੱਸ ਦੀ ਘੁੱਟ ਭਰਦੇ ਹੋਏ ਆਪਾਂ ਯਾਦਵ ਨੂੰ ਅਸੀਸ ਵਗਾਹ ਮਾਰੀ.................
"ਜਾਹ ਯਾਦਵਾ ! ਲੁੱਟਲਾ ਚੰਡੀਗੜ......ਪੱਟ ਲਾ ਜਿਹੜੀਆਂ ਜਵਾਨੀਆਂ ਪੱਟੀਆਂ ਜਾਂਦੀਆਂ...........ਜੇ ਤੇਰਾ ਢਿੱਡ ਭੱਰਜੇ"
No comments:
Post a Comment