ਝੱਲੇ ਹੋ ਤੁਰ ਪੈਂਦੇ ਨੇ, ਜਦ ਇਸ਼ਕ ਵਿੱਚ ਕਾਲਜਾ ਮੱਚ ਦਾ,
ਨਹੀਂ ਤਾਂ ਮੇਲ ਕੀ ਬਣ ਦਾ ਹੈ, ਨੰਗੇ ਪੈਰ ਤੇ ਕੱਚ ਦਾ|
ਉਹਦੇ ਖੁਦ ਦੇ ਡਰਾਏ ਹੋਏ, ਝੂਠ ਦੇ ਲੜ ਨੇ ਲੱਗ ਬੈਠੇ,
ਮੇਰਾ ਜਿਗਰਾ ਨਹੀਂ ਕਿ ਮੈਂ, ਸੱਚ ਸੁਣ ਸਕਾਂ ਸੱਚ ਦਾ|
ਆਖੋ ਘੂਮਿਆਰ ਤਾਈਂ, ਨਾ ਦਾਣੇ ਸਾੜੇ ਸਰੋਂ ਦੇ ਐਵੇਂ,
ਇਹਨਾ ਝਾਂਵਿਆਂ ਨਾਲ ਕਦੇ, ਮਨ ਦਾ ਮੈਲ ਨਹੀਂ ਲੱਥ ਦਾ|
ਧੂਆਂ ਅਜੇ ਉੱਠ ਰਿਹਾ ਓਥੋਂ, ਤੇ ਉਹ ਲੰਮੀਆਂ ਤਾਂਣ ਸੌਂ ਗਏ ਨੇ,
ਅੰਨੀ ਅੱਗ ਨੂੰ ਨਹੀਂ ਅੰਤਰ, ਫਸਲ ਤੇ ਘਾਹ ਦਾ ਪਤਾ ਲੱਗ ਦਾ|
ਇੱਕ ਪੀੜ੍ਹੀ ਉਡਾਉਣ ਵਾਲੀ, ਇੱਕ ਪੀੜ੍ਹੀ ਕਮਾਓਣ ਵਾਲੀ
ਕਿਤੇ ਹੋਸ਼ ਨਹੀਂ ਰਹਿੰਦਾ, ਕਿਤੇ ਜੋਸ਼ ਨਹੀਂ ਬੱਚ ਦਾ|
ਸੱਚੇ ਹੋਣ ਦੀ ਸੌਂਹ ਖਾਂਦੇ, ਬੰਦ ਕਿਤਾਬਾਂ 'ਤੇ ਹੱਥ ਰੱਖ ਕੇ,
ਖੋਲ ਕੇ ਪੜ੍ਹ ਲਈਆਂ ਹੁੰਦੀਆਂ, ਤਾਂ ਪਤਾ ਮਿਲਦਾ ਅਸਲ ਠੱਗ ਦਾ|
ਮਿਹਣੇ ਮਾਰ ਦੇ ਅੱਜ ਵੀ, ਵੱਢੇ ਬਿਰਖਾਂ ਦੇ ਸੁੱਕੇ ਪੱਤੇ,
ਕਿਸੇ ਬਲਦੇ ਸਿਵੇ ਉੱਤੇ, ਪਤੀਲਾ ਕਿਉਂ ਨਹੀਂ ਰੱਖ ਦਾ ?
No comments:
Post a Comment